ਮਾਨਸਾ, 19,ਮਾਰਚ (ਸਾਰਾ ਯਹਾਂ /ਜੋਨੀ ਜਿੰਦਲ) : ਪੰਜਾਬ ਦੇ ਈਟੀਟੀ ਅਧਿਆਪਕਾਂ ਵੱਲੋਂ ਸੂਬਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ, ਵਿਭਾਗੀ ਪੈਡਿੰਗ ਮਸਲਿਆਂ ਅਤੇ ਨਿੱਤ ਦਿਨ ਈਟੀਟੀ ਅਧਿਆਪਕਾਂ ਦੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਖੱਜਲ ਖੁਆਰੀ ਨੂੰ ਲੈ ਕੇ ਹੁਣ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ। ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ ਹਰ ਵਿਭਾਗ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਣ ਲਈ ਹੁਣ ਫੈਸਲਾਕੁੰਨ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ। ਉਹਨਾਂ ਦੱਸਿਆ ਪਿਛਲੇ ਦਿਨੀਂ ਉਹਨਾਂ ਦੀ ਜੰਥੇਬੰਦੀ ਦੀ ਸਟੇਟ ਪੱਧਰ ਤੇ ਮੀਟਿੰਗ ਹੋ ਚੁੱਕੀ ਹੈ ਜਿਸ ਵਿੱਚ ਰਾਜ ਦੇ ਪ੍ਰਾਇਮਰੀ ਸਕੂਲਾਂ ਵਿੱਚ 30 ਤੋਂ ਘੱਟ ਬੱਚਿਆਂ ਤੇ ਦੋ ਈਟੀਟੀ ਪੋਸਟਾਂ ਦੇਣ ਲਈ, ਸਿੱਖਿਆ ਵਿਭਾਗ ਦੇ ਸਟੇਟ ਪੱਧਰ ਦੇ ਉੱਚ ਅਧਿਕਾਰੀਆਂ ਵੱਲੋਂ ਈਟੀਟੀ ਅਧਿਆਪਕਾਂ ਨੂੰ ਮੈਡੀਕਲ ਛੁੱਟੀ ਦੀ ਜਾਣ ਬੁੱਝ ਕੇ ਕੀਤੀ ਜਾ ਰਹੀ ਖੱਜਲ ਖੁਆਰੀ, ਪਿਛਲੇ ਲੰਬੇ ਸਮੇਂ ਤੋਂ ਬਲਾਕਾਂ ਵਿੱਚ ਖਤਮ ਹੋ ਚੁੱਕੇ ਮੈਡੀਕਲ ਬੱਜਟ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੇ ਸਨਮਾਨ ਦੀ ਬਹਾਲੀ ਲਈ ਪੰਜਾਬ ਦੇ ਈਟੀਟੀ ਅਧਿਆਪਕਾਂ ਅੰਦਰ ਗੁੱਸੇ ਦੀ ਲਹਿਰ ਹੈ। ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਈਟੀਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਅਧਿਆਪਕ ਤਿਆਰ ਬਰ ਤਿਆਰ ਬੈਠੇ ਹਨ, ਜੇਕਰ ਕਿਸੇ ਵੀ ਪੱਧਰ ਤੇ ਮੌਜੂਦਾ ਹਕੂਮਤ ਖਿਲਾਫ਼ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਬਿਗਲ ਵਜਾਇਆ ਜਾਂਦਾ ਹੈ, ਤਾਂ ਮਾਨਸਾ ਜ਼ਿਲ੍ਹਾ ਪਹਿਲਾਂ ਦੀ ਤਰ੍ਹਾਂ ਪੰਜਾਬ ਵਿੱਚ ਅੱਗੇ ਹੋ ਕੇ ਆਪਣਾ ਮੋਹਰੀ ਰੋਲ ਅਦਾ ਕਰੇਗਾ। ਇਸ ਮੌਕੇ ਜੰਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਭਰੇ ਸੁਰ ਵਿੱਚ ਕਿਹਾ ਕਿ ਸਾਨੂੰ ਆਪਣਾ ਪਿਛਲਾ ਇਤਿਹਾਸ ਦੁਹਰਾਉਣ ਲਈ ਮਜ਼ਬੂਰ ਨਾ ਕਰੋ, ਕਿਉਂਕਿ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੀ ਉਹ ਸਿਰਮੌਰ ਜੰਥੇਬੰਦੀ ਹੈ, ਜਿਸ ਨੇ ਠੇਕੇਦਾਰੀ ਸਿਸਟਮ ਨੂੰ ਤੋੜ ਕੇ 2006 ਵਿੱਚ ਅਧਿਆਪਕਾਂ ਦੀ ਰੈਗੂਲਰ ਭਰਤੀ ਅਤੇ 2014 ਵਿੱਚ ਕੇਂਦਰ ਸਰਕਾਰ ਦੀ 73 ਵੀਂ ਧਾਰਾ ਨੂੰ ਤੋੜ ਕੇ ਪੰਚਾਇਤੀ ਰਾਜ ਤੋਂ ਸਿੱਖਿਆ ਵਿਭਾਗ ਵਿੱਚ ਵਾਪਸੀ ਕਰਵਾ ਕੇ ਇਤਿਹਾਸ ਸਿਰਜਿਆ ਸੀ।