*”ਇੱਕੋ ਸਾਹ ਵਿੱਚ ਅਸੀਸਾਂ ਦੀ ਝੜੀ ਲਗਾ ਕੇ ਸੀਨੇ ਠੰਡਕ ਪਾਉਂਣ ਵਾਲੇ ਸਨ ਮਾਤਾ ਬਲਵਿੰਦਰ ਸ਼ਰਮਾ ਜੀ”*

0
38

02,ਨਵੰਬਰ

ਸਰਬ ਸ਼ਕਤੀਮਾਨ ਪਰਮਾਤਮਾ ਦਾ ਆਪਣਾ ਨਾਮ ਵੀ ਇਸ ਵਿੱਚ ਦੋ ਵਾਰ ਆਉਂਦੇ “ਮਾ” ਸ਼ਬਦ ਨਾਲ ਹੀ ਸੰਪੂਰਨ ਹੁੰਦਾ ਹੈ, ਫ਼ਰਕ ਸਿਰਫ਼ ਇੱਕ ਬਿੰਦੀ ਦਾ ਹੈ, ਜੋ ਸੰਪੂਰਨਤਾ ਬਖ਼ਸ਼ਦਾ ਹੈ ਇਸ ਲਈ ਹੀ ਪ੍ਰਮਾਤਮਾ ਨੇ “ਮਾ”ਸ਼ਬਦ ਦੇ ਉੱਪਰ ਬਿੰਦੀ ਰੂਪੀ ਤਿਲਕ ਲਗਾ ਕੇ ਮਾਂ ਦਾ ਰੁਤਬਾ ਉੱਚਾ ਕੀਤਾ ਹੈ। ਜਿਸ ਵੀ ਜੀਵ ਨੇ ਇਸ ਸੰਸਾਰ ਵਿੱਚ ਜਨਮ ਲਿਆ ਹੈ, ਉਹ ਮਾਂ ਦੇ ਕੁੱਖੋਂ ਹੀ ਪੈਦਾ ਹੋਇਆ ਹੈ। ਪੋਹ ਮਾਘ ਦੀਆਂ ਸਰਦ ਰਾਤਾਂ ਅਤੇ ਜੇਠ ਹਾੜ੍ਹ ਦੀਆਂ ਲੂਆਂ ਵੀ ਉਸ ਬੱਚੇ ਦਾ ਕੁਝ ਨਹੀਂ ਵਿਗਾੜ ਸਕਦੀਆਂ ਜਿਸ ਦੇ ਸਿਰ ਤੇ ਮਮਤਾ ਦੀ ਸੰਘਣੀ ਛਾਂ ਦਾ ਆਂਚਲ ਹੋਵੇ।
ਇਸ ਸੰਸਾਰ ਦਾ ਸਭ ਤੋਂ ਛੋਟਾ ਅਤੇ ਪਰਿਭਾਸ਼ਾ ਵਿੱਚ ਅਨੰਤ ਕੋਟਿ ਵਿਸ਼ਾਲ ਸ਼ਬਦ “ਮਾਂ” ਹੀ ਹੈ।
ਇੱਕੋ ਸਾਹ ਵਿੱਚ ਅਸੀਸਾਂ ਦੀ ਝੜੀ ਲਗਾ ਕੇ, ਸੀਨੇ ਠੰਡਕ ਪਾਉਂਣ ਵਾਲੇ , ਕਬੀਲਦਾਰੀ ਵਿੱਚ ਸੁਘੜ ਸਿਆਣੇ, ਹਰੇਕ ਦੇ ਦੁੱਖ ਦੇ ਹਮਦਰਦੀ, ਉੱਚ ਕੋਟੀ ਦੇ ਵਿਚਾਰਾਂ ਵਾਲੇ, ਧਾਰਮਿਕ ਖਿਆਲਾਂ ਵਾਲੇ,ਸੱਚੇ ਕਰਮਯੋਗੀ ਅਤੇ ਸਪਸ਼ਟਵਾਦੀ ਸਨ, ਪਰਮ ਪੂਜਯ ਮਾਤਾ ਬਲਵਿੰਦਰ ਸ਼ਰਮਾ ਜੀ।
ਆਪ ਜੀ ਦਾ ਜਨਮ ਪਿਤਾ ਪੰਡਤ ਰਾਧਾ ਕ੍ਰਿਸ਼ਨ ਜੀ ਦੇ ਘਰ ਗਿੱਦੜਬਾਹਾ ਵਿਖੇ ਮਾਤਾ ਦਿਯਾਕੁਰ ਜੀ ਦੀ ਕੁੱਖੋਂ ਹੋਇਆ । ਪੰਜ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਮਾਤਾ ਜੀ ਦੀ ਸ਼ਾਦੀ 1963 ਵਿੱਚ ਸ਼੍ਰੀ ਹਰੀ ਚੰਦ ਸ਼ਰਮਾ ਜੀ ਨੰਗਲ ਕਲਾਂ ਵਾਲਿਆਂ ਨਾਲ ਹੋਈ ਜੋ ਪੰਚਾਇਤ ਸਕੱਤਰ ਸਨ। ਮਾਤਾ ਜੀ ਦੇ ਦੋ ਪੁੱਤਰ ਅਤੇ ਇੱਕ ਧੀ ਹੈ। ਮਾਤਾ ਜੀ ਜਿਸ ਤਰ੍ਹਾਂ ਧਰਮ-ਕਰਮ ਦੇ ਕੰਮ ਵਿੱਚ ਵਿਸਵਾਸ਼ ਰੱਖਦੇ ਸਨ, ਉਹਨਾਂ ਦੀ ਇਸ ਸਿੱਖਿਆ ਅਤੇ ਸੰਸਕਾਰਾਂ ਦਾ ਅਸਰ ਉਹਨਾਂ ਦੇ ਬੱਚਿਆਂ ਵਿੱਚ ਵੇਖਣ ਨੂੰ ਮਿਲਦਾ ਹੈ ।
ਉਹਨਾਂ ਦੇ ਸਪੁੱਤਰ ਕੰਵਲਜੀਤ ਸ਼ਰਮਾ ਅਤੇ ਧਰਮਜੀਤ ਸ਼ਰਮਾ ਆਪਣੇ ਆਪਣੇ ਕਾਰੋਬਾਰ ਵਿੱਚ ਸੈਟਲ ਹਨ ਅਤੇ ਧੀ ਨਰੇਸ਼ ਰਾਣੀ ਦੀ ਸ਼ਾਦੀ ਅਸ਼ਵਨੀ ਸ਼ਰਮਾ ਕੋਪਰੇਟਿਵ ਸੋਸਾਇਟੀ ਵਿੱਚ ਸਰਵਿਸ ਕਰਦਿਆਂ ਨਾਲ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਉਨ੍ਹਾਂ ਦੇ ਬੇਟੇ ਕੰਵਲਜੀਤ ਸ਼ਰਮਾ ਸ਼ਹਿਰ ਦੀਆਂ ਕਈ ਸੰਸਥਾਵਾਂ ਦੇ ਆਹੁਦੇਦਾਰ ਹਨ ।
ਪਿਤਾ ਸ਼੍ਰੀ ਹਰੀ ਚੰਦ ਸ਼ਰਮਾ ਜੀ ਦੇ ਇਸ ਫ਼ਾਨੀ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਮਾਤਾ ਜੀ ਨੇ ਮਾਂ ਹੋਣ ਦੇ ਨਾਲ-ਨਾਲ ਪਿਤਾ ਦਾ ਫ਼ਰਜ਼ ਵੀ ਅਦਾ ਕੀਤਾ, ਆਪਣੇ ਦੋਹਤੇ ਦਵਿੰਦਰ ਪਾਲ ਸ਼ਰਮਾ ਅਤੇ ਦੋਹਤ ਨੂੰਹ ਜੋਤੀ ਸ਼ਰਮਾ ਅਤੇ ਦੋਹਤੀ ਵੀਣਾ ਰਾਣੀ ਅਤੇ ਦੋਹਤ ਜਵਾਈ ਰਾਜਿੰਦਰ ਸ਼ਰਮਾ ਨੂੰ ਵੀ ਆਪਣੇ ਧੀਆਂ ਪੁੱਤਰਾਂ ਵਾਂਗ ਸੀਨੇ ਨਾਲ ਲਗਾ ਕੇ ਰੱਖਿਆ ਹੋਇਆ ਸੀ, ਮਾਤਾ ਜੀ ਨੇ ਆਪਣੀ ਦੂਰਅੰਦੇਸ਼ੀ ਸੋਚ ਨਾਲ ਹਰ ਰਿਸ਼ਤੇ ਨੂੰ ਜੋੜ ਕੇ ਰੱਖਿਆ, ਆਪਣੀਆਂ ਨੂੰਹਾਂ ਸੁਖਦੀਪ ਵੰਤ ਅਤੇ ਰੇਣੂ ਸ਼ਰਮਾ ਨੂੰ ਵੀ ਧੀਆਂ ਵਾਂਗ ਪਿਆਰ ਦਿੱਤਾ ।
ਮਾਤਾ ਜੀ ਦਾ ਇੱਕ ਵਿਸ਼ੇਸ਼ ਗੁਣ ਸੀ ਕਿ ਜਦ ਵੀ ਕੋਈ ਰਿਸ਼ਤੇਦਾਰ ਜਾਂ ਕਰੀਬੀ ਘਰ ਆਉਂਦਾ ਤਾਂ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਬਿਨ੍ਹਾਂ ਖਾਣਾ ਖੁਆਏ ਕਿਸੇ ਨੂੰ ਜਾਣ ਨਹੀ ਦਿੰਦੇ ਸੀ । ਮਾਤਾ ਜੀ ਸਾਰੇ ਪਰਿਵਾਰ ਨੂੰ ਪਿਆਰ ਦੇ ਇਕ ਧਾਗੇ ਵਿੱਚ ਪਰੋ ਕੇ ਰੱਖਦੇ ਸਨ। ਹਰ ਵੇਲੇ ਪ੍ਰਮਾਤਮਾ ਦਾ ਸਿਮਰਨ ਕਰਨਾ ਅਤੇ ਬਾਕੀਆਂ ਨੂੰ ਵੀ ਪ੍ਰਭੂ ਸਿਮਰਨ ਲਈ ਪ੍ਰੇਰਿਤ ਕਰਨਾ ਉਨ੍ਹਾਂ ਨੂੰ ਮਨ ਦਾ ਸਕੂਨ ਦਿੰਦਾ ਸੀ ।
ਮਾਤਾ ਜੀ ਨੂੰ ਆਖ਼ਰੀ ਕੁੱਝ ਮਹੀਨੇ ਬਿਸਤਰ ਤੇ ਗੁਜ਼ਾਰਨੇ ਪਏ, ਪਰ ਸਾਰੇ ਪਰਿਵਾਰ ਨੇ ਤਨ-ਮਨ ਨਾਲ ਮਾਤਾ ਜੀ ਦੀ ਸੇਵਾ ਸੰਭਾਲ ਕੀਤੀ , ਮਾਤਾ ਜੀ ਆਖ਼ਰੀ ਸਮੇਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ-ਕਰਦੇ ਮਿਤੀ 25-10-2021ਨੂੰ ਵੱਡੇ ਤੜਕੇ ਇੱਕ ਵਜੇ ਇਸ ਸੰਸਾਰਕ ਨਗਰੀ ਨੂੰ ਛੱਡ ਅੱਡਰੀ ਦੁਨੀਆਂ ਦੇ ਵਾਸੀ ਹੋ ਗਏ

ਪਰਮਾਤਮਾ ਅੱਗੇ ਅਰਦਾਸ ਹੈ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਮਾਤਾ ਜੀ ਨਮਿੱਤ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਮਿਤੀ 03 ਨਵੰਬਰ 2021ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਤੋਂ 01ਵਜੇ ਤੱਕ ਸ਼ਾਂਤੀ ਭਵਨ, ਪੁਰਾਣੀ ਸਬਜ਼ੀ ਮੰਡੀ ਰੋਡ, ਨੇੜੇ ਸ਼੍ਰੀ ਰਾਮ ਬਾਗ਼ ਮਾਨਸਾ ਵਿਖੇ ਪਵੇਗਾ।”

ਲੱਗਣ ਨਾ ਦੇਵੇ ਤੱਤੀਆਂ ਵਾਵਾਂ,ਐਸੀ ਸੰਘਣੀ ਛਾਂ ਹੁੰਦੀ ਏ”
“ਮਾਂ ਦੀ ਥਾਂ ਕੋਈ ਲੈ ਨਹੀਂ ਸਕਦਾ ਮਾਂ ਤਾਂ ਆਖ਼ਰ ਮਾਂ ਹੁੰਦੀ ਏ”
“ਹੈਪੀ ਰਮਦਿੱਤੇਵਾਲਾ”

LEAVE A REPLY

Please enter your comment!
Please enter your name here