ਮਾਨਸਾ, 2 ਜੂਨ (ਸਾਰਾ ਯਹਾ / ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਰੋਨਾ ਖਿਲਾਫ਼ ਜੰਗ ਨੂੰ ਸੂਬੇ ਭਰ ਵਿਚ ਜ਼ਮੀਨੀ ਪੱਧਰ ਤੇ ਲਿਜਾਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ *ਮਿਸ਼ਨ ਫਤਿਹ* ਤਹਿਤ ਮਹੀਨਾ ਭਰ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਇਸ ਮਹਾਂਮਾਰੀ ਬਾਰੇ ਲੋਕਾਂ ਵਿਚ ਵਿਆਪਕ ਪੱਧਰ ਉੱਤੇ ਜਾਗਰੂਕਤਾ ਫੈਲਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਦਾ ਕਹਿਰ ਹਾਲੇ ਜਾਰੀ ਹੈ ਅਤੇ ਮਿਸ਼ਨ ਫਤਿਹ ਦੇ ਤਹਿਤ ਕੋਰੋਨਾ ਖਿਲਾਫ ਲੜਾਈ ਵਿਚ ਲੋਕਾਂ ਨੂੰ ਸ਼ਾਮਲ ਕਰਦਿਆਂ ਸਰਕਾਰ ਨਾਲ ਸਹਿਯੋਗ ਕਰਕੇ ਇਸ ਮਹਾਂਮਾਰੀ ਵਿਰੁੱਧ ਡਟਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਵਿਚ ਸਮਾਜਿਕ ਦੂਰੀ, ਮਾਸਕ ਦੀ ਵਰਤੋਂ ਅਤੇ ਵਾਰ ਵਾਰ ਹੱਥ ਧੋਣ ਸਬੰਧੀ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਮੋਬਾਇਲ ਫੋਨ ਵਿਚ ਕੋਵਾ ਐਪ ਡਾਊਨਲੋਡ ਕਰਕੇ ਸੈਨਫ ਜਨਰੇਟਡ ਪਾਸ ਲੈਣਾ ਜਰੂਰੀ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਵਿਚ ਹਰ ਵਿਭਾਗ ਦੀ ਅਹਿਮ ਸ਼ਮੂਹਲੀਅਤ ਹੋਵੇਗੀ ਤਾਂ ਜੋ ਕੋਰੋਨਾ ਖਿਲਾਫ ਛੇੜੀ ਜੰਗ ਨੂੰ ਮਿਸ਼ਨ ਫਤਿਹ ਤਹਿਤ ਜਿੱਤਿਆ ਜਾ ਸਕੇ।
ਸ੍ਰੀ ਚਹਿਲ ਨੇ ਦੱਸਿਆ ਕਿ ਜਿ਼ਲ੍ਹੇ ਅੰਦਰ ਹੁਣ ਕੋਈ ਵੀ ਕੋਰੋਨਾ ਪਾਜ਼ੀਟਿਵ ਮਰੀਜ਼ ਨਹੀਂ ਹੈ ਜਿਸ ਲਈ ਜਿ਼ਲ੍ਹਾ ਵਾਸੀਆਂ ਦਾ ਸਹਿਯੋਗ ਅਹਿਮ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨੂੰ ਇਸੇ ਤਰਾਂ ਕਾਇਮ ਰੱਖਣ ਲਈ ਜਿ਼ਲ੍ਹੇ ਵਿਚ ਵਿਸ਼ੇਸ਼ ਹਦਾਇਤਾਂ ਜਾਰੀ ਕਰਦਿਆਂ ਮਾਸਕ ਪਹਿਨਣਾਂ, ਸਮਾਜਿਕ ਦੂਰੀ ਬਰਕਾਰ ਰੱਖਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਇਸ ਦੀ ਉਲੰਘਣਾਂ ਕਰਨ ਵਾਲਿਆਂ ਲਈ ਜ਼ੁਰਮਾਨਾ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਨਤਕ ਥਾਵਾਂ ਤੇ ਮਾਸਕ ਨਾ ਪਹਿਨਣ ਅਤੇ ਥੁੱਕਣ ਤੇ 500, ਇਕਾਂਤਵਾਸ ਦੀ ਉਲੰਘਣਾ ਕਰਨ ਅਤੇ ਦੁਕਾਨਾਂ, ਵਪਾਰਕ ਥਾਵਾਂ ਦੇ ਮਾਲਕਾਂ ਵੱਲੋਂ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਤੇ 2 ਹਜ਼ਾਰ ਰੁਪਏ ਜ਼ੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਾਹਨਾਂ ਦੇ ਮਾਲਕਾਂ ਵੱਲੋਂ ਸਮਾਜਿਕ ਦੂਰੀ ਦੇ ਨਾਰਮਜ਼ ਦੀ ਉਲੰਘਣਾ ਕਰਨ ਤੇ ਬੱਸਾਂ ਲਈ 3 ਹਜ਼ਾਰ ਰੁਪਏ, ਕਾਰਾਂ ਲਈ 2 ਹਜ਼ਾਰ ਰੁਪਏ, ਆਟੋ ਰਿਕਸ਼ਾ ਅਤੇ ਦੋ ਪਹੀਆ ਵਾਹਨਾਂ ਲਈ 500 ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਿਸ਼ਨ ਫਤਿਹ ਵਿਚ ਵੀ ਉਹ ਪਹਿਲਾਂ ਦੀ ਤਰਾਂ ਸਹਿਯੋਗ ਦੇਣ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਇਸ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ।