*ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਚੁਸ਼ਪਿੰਦਰਬੀਰ ਚਹਿਲ ਨੇ ਮਾਨਸਾ ਨੂੰ ਨਸ਼ਾ ਮੁਕਤ ਕਰਾਉਣ ਦਾ ਪ੍ਰਣ ਲੈ ਕੇ ਵਿੱਢੀ ਮੁੰਹਿਮ*

0
67

ਮਾਨਸਾ 26 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ ):

ਨੌਜਵਾਨਾਂ ਨੂੰ ਨਸ਼ਿਆਂ ਤੋਂ ਚੁਕੰਨਾ ਕਰਨ , ਪਿੰਡ-ਪਿੰਡ ਵਿੱਚ ਖੇਡਾਂ ਵਧਾਉਣ, ਨਸ਼ਾ ਮੁਕਤ ਮਾਨਸਾ ਬਣਾਉਣ ਅਤੇ ਜਰੂਰਤਮੰਦਾਂ ਦੀ ਮਦਦ ਕਰਨ ਦੇ ਸੁਨੇਹੇ ਨਾਲ ਅੰਤਰਰਾਸ਼ਟਰੀ ਕੱਬਡੀ ਖਿਡਾਰੀ ਅਤੇ ਯੂਥ ਕਾਂਗਰਸੀ ਨੇਤਾ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਮਾਨਸਾ ਵਿਖੇ 28 ਸਤੰਬਰ ਨੂੰ ਪੈਦਲ ਮਾਰਚ ਅਤੇ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਨਸ਼ੇ ਅਤੇ ਸਮਾਜਿਕ ਬੁਰਾਈਆਂ ਨੇ ਬਹੁਤੇ ਨੌਜਵਾਨਾਂ ਨੂੰ ਕੁਰਾਹੇ ਪਾ ਦਿੱਤਾ। ਅੱਜ ਨਸ਼ੇ ਦੀ ਵਧਦੀ ਲਤ ਕਰਕੇ ਮਾਨਸਾ ਹੀ ਨਹੀਂ ਬਲਕਿ ਪੂਰਾ ਪੰਜਾਬ ਇਸ ਤੋਂ ਡਰਿਆ ਹੋਇਆ ਹੈ। ਘਰਾਂ ਦੇ ਘਰ ਨਸ਼ੇ ਦੀ ਲਪੇਟ ਵਿੱਚ ਆ ਕੇ ਉੱਜੜ ਗਏ ਹਨ। ਮਾਨਸਾ ਜਿਲ੍ਹੇ ਵਿੱਚ ਨਸ਼ੇ ਦਾ ਬੋਲਬਾਲਾ ਹੋਣਾ ਸਾਡੇ ਲਈ ਵੱਡੀ ਚਿੰਤਾ ਦੀ ਗੱਲ ਹੈ। ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 28 ਸਤੰਬਰ ਨੂੰ “ਆਓ ਮਾਨਸਾ ਚੱਲੀਏ ਅਤੇ ਪੈਦਲ ਮਾਰਚ ਅਤੇ ਰੈਲੀ ਵਿੱਚ ਹਿੱਸਾ ਲੈ ਕੇ ਨੌਜਵਾਨਾਂ ਦੇ ਦਿਲਾਂ ਵਿੱਚ ਭਗਤ ਸਿੰਘ ਨੂੰ ਜਿਓਂਦਾ ਰੱਖਣ ਦਾ ਪ੍ਰਣ ਲਈਏ। ਚਹਿਲ ਨੇ ਕਿਹਾ ਕਿ ਨਸ਼ੇ ਦੇ ਨਾਲ ਵਧਦੀ ਬੇਰੁਜਗਾਰੀ ਵੀ ਸਮਾਜਿਕ ਬੁਰਾਈਆਂ ਨੂੰ ਵਾਧਾ ਦੇ ਰਹੀ ਹੈ। ਇਹੀ ਕਾਰਨ ਹੈ ਕਿ ਨੌਜਵਾਨ ਮੁੰਡੇ-ਕੁੜੀਆਂ ਖੇਡਾਂ ਅਤੇ ਸਮਾਜ ਵਿੱਚ ਵੱਡਾ ਰੋਲ ਨਿਭਾਉਣ ਦੀ ਥਾਂ ਪੰਜਾਬ ਛੱਡ ਕੇ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜਮ ਭਗਤ ਸਿੰਘ ਨੇ ਨੌਜਵਾਨੀ ਨੂੰ ਜੋ-ਜੋ ਸੇਧ ਦਿੱਤੀ। ਨੌਜਵਾਨਾਂ ਦੇ ਦਿਲਾਂ ਵਿੱਚ ਸਾਨੂੰ ਉਹ ਅਣਖ ਜਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਇੱਕ ਸੋਚ ਦਾ ਨਾਮ ਹੈ। ਇਸ ਨੂੰ ਸਿਰਫ ਯਾਦ ਜਾਂ ਸਮਾਗਮ ਕਰਕੇ ਹੀ ਉਨ੍ਹਾਂ ਦੇ ਰਸਤਿਆਂ ਤੇ ਨਹੀਂ ਚੱਲਿਆ ਜਾ ਸਕਦਾ। ਬਲਕਿ ਉਨ੍ਹਾਂ ਵੱਲੋਂ ਦਿੱਤੀ ਸੇਧ ਅਤੇ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਕੇ ਸਮਾਜ ਨੂੰ ਨਰੋਆ, ਸੋਹਣਾ, ਸਿਹਤਮੰਦ ਬਣਾਉਣ ਦੀ ਵੱਡੀ ਜਰੂਰਤ ਹੈ। ਚਹਿਲ ਨੇ ਕਿਹਾ ਕਿ ਜਿਲ੍ਹਾ ਮਾਨਸਾ ਨੂੰ ਨਸ਼ਾ ਮੁਕਤ ਕਰਨ, ਪਿੰਡ-ਪਿੰਡ ਵਿੱਚ ਖੇਡਾਂ ਵਧਾਉਣ ਦਾ ਤਹੱਈਆ ਲੈ ਕੇ “ਆਓ ਮਾਨਸਾ ਚੱਲੀਏ, ਪੈਦਲ ਮਾਰਚ ਤੇ ਰੈਲੀ ਕੱਢੀ ਜਾ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 28 ਸਤੰਬਰ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਰੇਲਵੇ ਫਾਟਕ ਲਾਗੇ ਮਾਨਸਾ ਵਿਖੇ ਹੁੰਮ-ਹੁਮਾ ਕੇ ਪਹੁੰਚਣ। ਜਿਸ ਦਿਨ ਨੌਜਵਾਨ ਵੱਡੀ ਗਿਣਤੀ ਵਿੱਚ ਇਹ ਪ੍ਰਣ ਲੈਣਗੇ ਕਿ ਜਿਲ੍ਹਾ ਮਾਨਸਾ ਨੂੰ ਨਸ਼ਾ ਮੁਕਤ ਬਣਾ ਕੇ ਖੇਡਾਂ ਨਾਲ ਜੋੜਣਾ ਹੈ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ।

LEAVE A REPLY

Please enter your comment!
Please enter your name here