*ਅਜ਼ਾਦੀ ਦਿਹਾੜੇ ਮੌਕੇ ਪੰਜਾਬ ਵਾਸੀਆਂ ਨੂੰ ਮਿਲੇਗਾ ਮੁਹੱਲਾ ਕਲੀਨਿਕਾਂ ਦੇ ਰੂਪ ’ਚ ਖੂਬਸੂਰਤ ਤੋਹਫ਼ਾ*

0
19

ਮਾਨਸਾ, 22 ਜੂਨ  (ਸਾਰਾ ਯਹਾਂ/ ਮੁੱਖ ਸੰਪਾਦਕ ): ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸੂਬਾ ਵਾਸੀਆਂ ਨੂੰ ਖੂਬਸੂਰਤ ਤੋਹਫ਼ਾ ਦੇਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਪਹਿਲੇ ਪੜ੍ਹਾਅ ਤਹਿਤ ਸੂਬੇ ਭਰ ਵਿੱਚ 75 ਮੁਹੱਲਾ ਕਲੀਨਿਕ ਲੋਕ ਅਰਪਣ ਕੀਤੇ ਜਾਣਗੇ। ਪੰਜਾਬ ਸਰਕਾਰ ਦੇ ਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਸੂਬਾ ਵਾਸੀਆਂ ਲਈ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲੈ ਕੇ ਆਉਣਗੇ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ’ਤੇ ਹੀ ਮਿਆਰੀ ਸਿਹਤ ਸਹੁਲਤਾਂ ਮਿਲ ਸਕਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਮੁੱਹਲਾ ਕਲੀਨਿਕ ਖਾਸ ਕਰਕੇ ਉਨ੍ਹਾਂ ਥਾਂਵਾਂ ’ਤੇ ਸਥਾਪਿਤ ਕੀਤੇ ਜਾਣਗੇ ਜਿੱਥੇ ਪਹਿਲਾਂ ਹਸਪਤਾਲ ਦੂਰ ਪੈਂਦਾ ਹੈ। ਇਸ ਨਾਲ ਮੁਹੱਲਾ ਕਲੀਨਿਕਾਂ ਦੇ ਘੇਰੇ ਵਿੱਚ ਪੈਂਦੇ ਇਲਾਕਿਆਂ ਦੇ ਵੱਡੀ ਗਿਣਤੀ ਲੋਕਾਂ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਸੂਬੇ  ਦੇ ਗ਼ੈਰ-ਕਾਰਜਸ਼ੀਲ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਅਤੇ ਸਰਕਾਰ ਵੱਲੋਂ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਨੂੰ ਇਕੋ ਤਰਾਂ ਦੀ ਦਿੱਖ ਦਿੱਤੀ ਜਾਵੇਗੀ, ਜਿਸ ਵਿੱਚ ਡਾਕਟਰ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ, ਫਾਰਮੇਸੀ ਵਰਗੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ ਸਟਾਫ਼ ਤੇ ਆਉਣ ਵਾਲੇ ਮਰੀਜ਼ਾਂ ਲਈ ਵੱਖਰੇ ਪਖਾਨਿਆਂ ਦੀ ਸੁਵਿਧਾ ਦਿੱਤੀ ਜਾਵੇਗੀ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਲੋੜੀਂਦੇ ਸਟਾਫ ਦੀ ਭਰਤੀ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ।
ਮੁਹੱਲਾ ਕਲੀਨਿਕਾਂ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਵਿਚ ਦੋ ਮੁਹੱਲਾ ਕਲੀਨਿਕ,  ਇਕ ਮਾਨਸਾ ਸ਼ਹਿਰ ਅਤੇ ਇਕ ਬੋਹਾ ਵਿਖੇ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਜਿਲ੍ਹੇ ਵਿਚ ਪਹਿਲਾਂ ਵੀ ਸਬ ਸੈਂਟਰਾਂ ਦਾ ਨੈਟਵਰਕ ਹੈ ਜਿੱਥੇ ਲੋਕਾਂ ਨੂੰ ਸਿਹਤ ਸਹੁਲਤਾਂ ਸੁਚਾਰੂ ਤਰੀਕੇ ਨਾਲ ਦੇਣ ਲਈ ਸਟਾਫ ਨੂੰ ਪਾਬੰਦ ਕੀਤਾ ਗਿਆ ਹੈ। ਸਬ ਸੈਂਟਰਾਂ ਨੂੰ ਕਮਿਊਨਿਟੀ ਹੈਲਥ ਅਫਸਰਾਂ ਦੀ ਅਗਵਾਈ ਵਿੱਚ ਸਿਖਲਾਈ ਪ੍ਰਾਪਤ ਪੈਰਾ-ਮੈਡੀਕਲ ਸਟਾਫ ਦੁਆਰਾ ਕਾਰਗਰ ਢੰਗ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸਹੁਲਤਾਂ ਲਈ ਸਰਕਾਰੀ ਸਿਹਤ ਸੰਸਥਾਵਾਂ ਤੋਂ ਇਲਾਜ ਕਰਵਾਉਣ ਨੂੰ ਪਹਿਲ ਦੇਣ।

LEAVE A REPLY

Please enter your comment!
Please enter your name here