
(ਸਾਰਾ ਯਹਾਂ/ਬਿਊਰੋ ਨਿਊਜ਼ ) ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਧੂੰਦਾ ਦੇ ਰਹਿਣ ਵਾਲੇ ਨੌਜਵਾਨ ਤਰਲੋਚਨ ਸਿੰਘ ਪੁੱਤਰ ਸਰਵਣ ਸਿੰਘ ਦੀ ਅਮਰੀਕਾ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਹਾਰਟ ਅਟੈਕ ਆਉਣ ਕਰਕੇ ਹੋਈ ਹੈ। ਨੌਜਵਾਨ ਦੀ ਉਮਰ 27 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਨੌਜਵਾਨ ਕੁਝ ਦਿਨ ਪਹਿਲਾਂ ਹੀ ਅਮਰੀਕਾ ਗਿਆ ਸੀ।ਤਰਲੋਚਨ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ ਹੈ ਅਤੇ ਸਾਰੇ ਪਿੰਡ ਵਿੱਚ ਹੀ ਸੋਗ ਦੀ ਲਹਿਰ ਹੈ। ਇਸ ਸਬੰਧੀ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਲੋਚਨ ਸਿੰਘ ਰਾਤ ਵੇਲੇ ਪਰਿਵਾਰ ਨਾਲ ਗੱਲਬਾਤ ਕਰਕੇ ਸੁੱਤਾ ਸੀ ਅਤੇ ਰਾਤ ਨੂੰ ਸੁੱਤਿਆਂ ਪਿਆ ਹੀ ਸਾਈਲੈਂਟ ਅਟੈਕ ਆਉਣ ਕਰਕੇ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਵੱਲੋਂ ਆਪਣੇ ਨੌਜਵਾਨ ਪੁੱਤਰ ਦੀਆਂ ਅੰਤਿਮ ਰਸਮਾਂ ਕਰਨ ਲਈ ਸਰਕਾਰ ਕੋਲੋਂ ਅਮਰੀਕਾ ਦੇ ਵੀਜੇ ਦੀ ਮੰਗ ਕੀਤੀ ਗਈ ਹੈ।
