
ਮਾਨਸਾ 4 ਅਗਸਤ (ਸਾਰਾ ਯਹਾ/ਬੀਰਬਲ ਧਾਲੀਵਾਲ): ਮਾਨਸਾ ਦੇ ਬਲਾਕ ਸਿੱਖਿਆ ਅਫਸਰ ਸਤਵਿੰਦਰ ਕੌਰ ਦੇ ਸੇਵਾ ਮੁਕਤ ਹੋਣ ਤੇ ਬੁਢਲਾਡਾ ਦੇ ਬੀ ਪੀ ਈ ਓ ਅਮਨਦੀਪ ਸਿੰਘ ਨੇ ਇਸ ਬਲਾਕ ਦਾ ਕਾਰਜਭਾਗ ਸੰਭਾਲਦਿਆਂ ਕਿਹਾ ਕਿ ਉਹ ਬੁਢਲਾਡਾ ਦੇ ਨਾਲ ਨਾਲ ਇਸ ਬਲਾਕ ਦੀ ਵੀ ਜਲਦੀ ਨੁਹਾਰ ਬਦਲਣਗੇ। ਉਧਰ ਬੇਸ਼ੱਕ ਸਰਦੂਲਗੜ੍ਹ, ਝੁਨੀਰ ਦੇ ਬਲਾਕ ਸਿੱਖਿਆ ਅਫਸਰ ਲਖਵਿੰਦਰ ਸਿੰਘ ਦੀ ਬਦਲੀ ਗਵਾਂਢੀ ਜ਼ਿਲ੍ਹੇ ਦੇ ਬਲਾਕ ਮੌੜ ਵਿਖੇ ਹੋ ਗਈ ਹੈ,ਪਰ ਇਥੇ ਪੱਕੇ ਤੌਰ ਤੇ ਬੀ ਪੀ ਈ ਓ ਜਦੋਂ ਤੱਕ ਨਹੀਂ ਆਉਂਦੇ, ਉਸ ਸਮੇਂ ਤੱਕ ਉਨ੍ਹਾਂ ਕੋਲ ਹੀ ਇਨ੍ਹਾਂ ਬਲਾਕਾਂ ਦਾ ਚਾਰਜ ਰਹੇਗਾ।
ਈ ਟੀ ਟੀ ਅਧਿਆਪਕ ਤੋਂ ਛੋਟੀ ਉਮਰੇ ਸਿੱਧੀ ਭਰਤੀ ਰਾਹੀਂ ਬਲਾਕ ਸਿੱਖਿਆ ਅਫਸਰ ਬਣੇ ਅਮਨਦੀਪ ਸਿੰਘ ਨੇ ਕੁਝ ਮਹੀਨਿਆਂ ਚ ਹੀ ਬੁਢਲਾਡਾ ਬਲਾਕ ਦੀ ਹਰ ਪੱਖੋਂ ਕਾਇਆ ਕਲਪੀ ਹੈ, ਮਾਨਸਾ ਬਲਾਕ ਬਲਾਕ ਦੇ ਅਧਿਆਪਕਾਂ ਨੂੰ ਵੀ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਨੇ । ਬਲਾਕ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਨਵੇਂ ਦਾਖਲਿਆਂ ਦੇ ਨਾਲ ਨਾਲ ਕਰੋਨਾ ਵਾਇਰਸ ਦੇ ਮੱਦੇਨਜ਼ਰ ਘਰ ਬੈਠੇ ਬੱਚਿਆਂ ਲਈ ਚਲ ਰਹੀ ਆਨਲਾਈਨ ਪੜ੍ਹਾਈ ਲਈ ਵੀ ਹਰ ਦੇ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ, ਡਿਪਟੀ ਡੀਈਓ ਗੁਰਲਾਭ ਸਿੰਘ ਨੇ ਕਿਹਾ ਕਿ ਇਸ ਨੋਜਵਾਨ ਬਲਾਕ ਅਫਸਰ ਤੋਂ ਉਨ੍ਹਾਂ ਨੂੰ ਵੱਡੀਆਂ ਆਸਾਂ ਨੇ । ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ਤੇ ਇਸ ਵਾਰ ਵੱਡੀ ਪੱਧਰ ਤੇ ਤਕਰੀਬਨ 12 ਪ੍ਰਤੀਸ਼ਤ ਦਾ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਨਵੇਂ ਦਾਖਲਿਆਂ ਦਾ ਵਾਧਾ ਹੋਇਆ ਹੈ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਮੌਕੇ ਸੁਪਰਡੈਂਟ ਹਰਮੇਸ਼ ਕੁਮਾਰ ਅਤੇ ਸ਼ਵਾਲੀ ਹਾਜ਼ਰ ਸਨ।
