
ਨਵੀਂ ਦਿੱਲੀ 3 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਸਮੇਤ ਦੇਸ਼ ਦੇ ਕਈ ਰਾਜਾਂ ‘ਚ ਭਾਰੀ ਬਾਰਸ਼ ਦਾ ਅਨੁਮਾਨ ਲਾਇਆ ਹੈ। ਇਸ ਤੋਂ ਇਲਾਵਾ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ‘ਚ ਹਨ੍ਹੇਰੀ ਤੂਫਾਨ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਜਤਾਈ ਗਈ ਹੈ।
ਬੀਤੇ ਮਹੀਨੇ ਜੁਲਾਈ ਦੌਰਾਨ ਔਸਤ ਤੋਂ ਕਰੀਬ 10 ਫੀਸਦ ਘੱਟ ਬਾਰਸ਼ ਹੋਈ, ਜਦਕਿ ਅਗਸਤ ‘ਚ ਪਿਛਲੇ 44 ਸਾਲ ਦਾ ਰਿਕਾਰਡ ਟੁੱਟ ਗਿਆ। ਅਗਸਤ ‘ਚ ਆਮ ਨਾਲੋਂ 25 ਫੀਸਦ ਜ਼ਿਆਦਾ ਬਾਰਸ਼ ਹੋਈ ਹੈ। ਸਾਲ 1976 ਤੋਂ ਬਾਅਦ ਅਗਸਤ ‘ਚ ਇਸ ਸਾਲ ਸਭ ਤੋਂ ਜ਼ਿਆਦਾ ਬਾਰਸ਼ ਦਰਜ ਕੀਤੀ ਗਈ। ਭਾਰਤੀ ਮੌਸਮ ਵਿਗਿਆਨ ਵਿਭਾਗ IMD ਦੀ ਭਵਿੱਖਬਾਣੀ ਦੇ ਮੁਤਾਬਕ ਸਤੰਬਰ ਮਹੀਨੇ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ।
IMD ਦੇ ਡਾਇਕੈਰਟਰ ਡਾ. ਮ੍ਰਿਤੁੰਜਯ ਮਹਾਪਾਤ੍ਰ ਮੁਤਾਬਕ ਮਾਨਸੂਨ ਸਬੰਧੀ ਹੁਣ ਤਕ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਅਗਸਤ ਮਹੀਨੇ ਜ਼ੋਰਦਾਰ ਬਾਰਸ਼ ਹੋਈ, ਪਰ ਸਤੰਬਰ ‘ਚ ਮਾਨਸੂਨ ਦੀ ਰਫ਼ਤਾਰ ਹੌਲ਼ੀ-ਹੌਲ਼ੀ ਕਮਜ਼ੋਰ ਪੈ ਸਕਦੀ ਹੈ ਪਰ ਜਿਹੜੇ ਇਲਾਕਿਆਂ ‘ਚ ਹੁਣ ਤਕ ਘੱਟ ਬਾਰਸ਼ ਹੋਈ ਉੱਥੇ ਬਾਰਸ਼ ਦੀ ਗਤੀਵਿਧੀ ਵਧ ਸਕਦੀ ਹੈ।
