*SGPC ਪ੍ਰਧਾਨ ਦੀ ਚੇਤਾਵਨੀ ! ਸਰਕਾਰ ਸਿੱਖ ਨੌਜਵਾਨਾਂ ’ਤੇ ਮਾਨਸਿਕ ਤੇ ਸ਼ਰੀਰਕ ਤਸ਼ੱਦਦ ਕਰੇ ਬੰਦ*

0
19

23 ਫਰਵਰੀ(ਸਾਰਾ ਯਹਾਂ/ਬਿਊਰੋ ਨਿਊਜ਼) ਐਡਵੋਕੇਟ ਧਾਮੀ ਨੇ ਨਜ਼ਰਬੰਦ ਸਿੰਘਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਉਨ੍ਹਾਂ ਨਾਲ ਹਰ ਪੱਖ ਤੋਂ ਸਹਿਯੋਗ ਦੇਣ ਲਈ ਵਚਨਬੱਧ ਹੈ ਅਤੇ ਜਲਦ ਹੀ ਇਸ ਮਸਲੇ ਨੂੰ ਲੈ ਕੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਪਰਿਵਾਰਾਂ ਨਾਲ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਉੱਤੇ ਲਗਾਏ ਗਏ ਧਰਨੇ ਵਿੱਚ ਜਾ ਕੇ ਅੱਜ ਮੁਲਾਕਾਤ ਕੀਤੀ। 

ਉਨ੍ਹਾਂ ਨੇ ਸਰਕਾਰ ਵੱਲੋਂ ਐੱਨਐੱਸਏ ਤਹਿਤ ਨਜ਼ਰਬੰਦ ਸਿੰਘਾਂ ਨੂੰ ਮਾਨਸਿਕ ਅਤੇ ਸ਼ਰੀਰਕ ਰੂਪ ਵਿੱਚ ਤੰਗ ਪਰੇਸ਼ਾਨ ਕਰਨ ਦੇ ਵਿਰੋਧ ਵਿੱਚ ਭੁੱਖ ਹੜਤਾਲ ਕਰ ਰਹੇ ਉਨ੍ਹਾਂ ਦੇ ਪਰਿਵਾਰਾਂ ਨਾਲ ਡਿਬਰੂਗੜ੍ਹ ਜੇਲ੍ਹ ਦੇ ਮੌਜੂਦਾ ਹਾਲਾਤ ਅਤੇ ਪੰਜਾਬ ਸਰਕਾਰ ਨਾਲ ਚੱਲ ਰਹੀ ਗੱਲਬਾਤ ਬਾਰੇ ਵਿਚਾਰ ਚਰਚਾ ਕੀਤੀ।

ਇਸ ਮੌਕੇ ਐਡਵੋਕੇਟ ਧਾਮੀ ਨੇ ਨਜ਼ਰਬੰਦ ਸਿੰਘਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਉਨ੍ਹਾਂ ਨਾਲ ਹਰ ਪੱਖ ਤੋਂ ਸਹਿਯੋਗ ਦੇਣ ਲਈ ਵਚਨਬੱਧ ਹੈ ਅਤੇ ਜਲਦ ਹੀ ਇਸ ਮਸਲੇ ਨੂੰ ਲੈ ਕੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਨੇ ਪਹਿਲਾਂ ਵੀ ਪੰਜਾਬ ਤੋਂ ਬਾਹਰ ਜੇਲ੍ਹਾਂ ਕੱਟੀਆਂ ਹਨ ਪਰ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਉਨ੍ਹਾਂ ਦੀ ਨਿੱਜਤਾ ’ਤੇ ਹਮਲਾ ਕਰਦਿਆਂ ਬਾਥਰੂਮਾਂ ਵਿੱਚ ਵੀ ਕੈਮਰੇ ਤੇ ਰਿਕਾਰਡਰ ਲਗਾ ਦਿੱਤੇ ਜਾਣ ਅਤੇ ਮਾਨਸਿਕ ਤੌਰ ’ਤੇ ਤੰਗ ਪਰੇਸ਼ਾਨ ਕਰਨ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਵਿਰੋਧ ਵਿੱਚ ਸਿੱਖਾਂ ਨੇ ਉੱਥੇ ਸੰਘਰਸ਼ ਦਾ ਰਾਹ ਚੁਣਦਿਆਂ ਭੁੱਖ ਹੜਤਾਲ ਸ਼ੁਰੂ ਕੀਤੀ, ਜਿਸ ਨਾਲ ਪੰਜਾਬ ਅੰਦਰ ਪਰਿਵਾਰਾਂ ਦੀ ਚਿੰਤਾਵਾਂ ਵੀ ਵਧੀਆਂ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਤੋਂ ਸਿੰਘਾਂ ਦੇ ਪਰਿਵਾਰਾਂ ਵੱਲੋਂ ਵੀ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ।

ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਇਨ੍ਹਾਂ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੀ ਗੱਲ ਤੁਰੰਤ ਸੁਣੀ ਜਾਵੇ ਅਤੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਡਿਬਰੂਗੜ੍ਹ ਜੇਲ੍ਹ ਵਿੱਚ ਸਿੱਖ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਗੁਰਮਤਿ ਸਿਧਾਂਤ ਭੁੱਖ ਹੜਤਾਲ ਜਰੀਏ ਸ਼ਰੀਰ ਨੂੰ ਕਸ਼ਟ ਦੇਣ ਦੀ ਇਜ਼ਾਜਤ ਨਹੀਂ ਦਿੰਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਉਹ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵਿਚਾਰ ਕਰਨਗੇ ਕਿ ਭੁੱਖ ਹੜਤਾਲ ’ਤੇ ਬੈਠੇ ਇਨ੍ਹਾਂ ਪਰਿਵਾਰਾਂ ਦੇ ਨਾਲ ਬੈਠ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇ।

LEAVE A REPLY

Please enter your comment!
Please enter your name here