ਚੰਡੀਗੜ੍ਹ 21ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ):: ਕੋਰੋਨਾ ਵੈਕਸੀਨ ਨੂੰ ਲੈ ਕੇ ਪੰਜਾਬ ਦੇ ਹਾਲਾਤ ਚਿੰਤਾ ਵਾਲੇ ਹਨ। ਸੂਬੇ ਵਿੱਚ ਵੈਕਸੀਨ ਦਾ ਸਿਰਫ ਇੱਕ ਦਿਨ ਦਾ ਭੰਡਾਰ ਬਚਿਆ ਹੈ। ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਜ਼ਿਲ੍ਹਾ ਹਸਪਤਾਲ ਮੁਹਾਲੀ ਵਿੱਚ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਲੈਣ ਮਗਰੋਂ ਦੱਸਿਆ ਕਿ ਪੰਜਾਬ ਸਰਕਾਰ ਕੇਂਦਰ ਵੱਲੋਂ ਟੀਕੇ ਦੀ ਸਪਲਾਈ ਦੀ ਘਾਟ ਕਾਰਨ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਕਰਨ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਅਸਮਰਥ ਹੈ।
ਉਨ੍ਹਾਂ ਕਿਹਾ ਕਿ 1 ਮਈ 2021 ਨੂੰ ਕੇਂਦਰ ਸਰਕਾਰ ਨੇ 18 ਸਾਲ ਤੋਂ ਉਪਰ ਦੀ ਸਾਰੀ ਆਬਾਦੀ ਨੂੰ ਟੀਕਾ ਲਾਉਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਕੋਲ ਸਿਹਤ ਦਾ ਬੁਨਿਆਦੀ ਢਾਂਚਾ ਹੈ। ਇੱਕ ਦਿਨ ਦੌਰਾਨ 3000 ਤੋਂ ਵੱਧ ਸਰਕਾਰੀ ਸਿਹਤ ਕੇਂਦਰਾਂ ਵਿੱਚ ਘੱਟੋ-ਘੱਟ 3 ਲੱਖ ਮਰੀਜ਼ਾਂ ਦੇ ਟੀਕੇ ਲਾਉਣ ਦੀ ਸਮਰੱਥਾ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਕੇਂਦਰ ਵੱਲੋਂ ਟੀਕੇ ਦੀ ਸਪਲਾਈ ਦੀ ਘਾਟ ਕਾਰਨ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਕਰਨ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਅਸਮਰਥ ਹੈ।
ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਪੰਜਾਬ ਵਿਚ ਕੋਵਿਡ-19 ਟੀਕੇ ਦੀ ਘਾਟ ਤੇ ਭਾਰਤ ਸਰਕਾਰ ਨਾਲ ਵਰਚੁਅਲ ਮੀਟਿੰਗ ਦੌਰਾਨ ਟੀਕੇ ਦੀ ਤੁਰੰਤ ਸਪਲਾਈ ਕਰਨ ਦਾ ਮੁੱਦਾ ਚੁੱਕਿਆ ਹੈ। ਇਸ ਦੇ ਨਾਲ ਹੀ ਸੂਬੇ ‘ਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਆਕਸੀਜਨ ਭੰਡਾਰ ਘਟਣ ਕਾਰਨ ਸੂਬੇ ਵਿੱਚ ਦੋ ਨਵੇਂ ਆਕਸੀਜਨ ਪਲਾਂਟਾਂ ਲਈ ਤੁਰੰਤ ਪ੍ਰਵਾਨਗੀ ਦੀ ਮੰਗ ਵੀ ਕੀਤੀ ਹੈ।
ਦੱਸ ਦਈਏ ਕਿ ਪੰਜਾਬ ‘ਚ ਕੋਰੋਨਾ ਦੀ ਦੂਜੀ ਲਹਿਰ ਉੱਪਰ ਕਾਬੂ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਸਭ ਦੇ ਬਾਅਦ ਰੋਜ਼ ਕੋਰੋਨਾ ਦੇ ਕੇਸ ਰਿਕਾਰਡ ਪੱਧਰ ‘ਤੇ ਦਰਜ ਕੀਤੇ ਜਾ ਰਹੇ ਹਨ। ਅਜਿਹੇ ‘ਚ ਸੂਬਿਆਂ ਨੇ ਕੋਰੋਨਾ ਵੈਕਸੀਨ ਲਾਉਣੀ ਵੀ ਤੇਜ਼ ਕੀਤੀ ਹੋਈ ਹੈ। ਇਸ ਦੇ ਨਾਲ ਹੀ ਖ਼ਬਰਾਂ ਵੈਕਸੀਨ ਦੀ ਬਰਬਾਦੀ ਦੀਆਂ ਵੀ ਆਈਆਂ ਹਨ। ਇਨ੍ਹਾਂ ਸਭ ਦੇ ਵਿਚਕਾਰ ਕਈ ਸੂਬਿਆਂ ਨੇ ਕੇਂਦਰ ਨੂੰ ਵੈਕਸੀਨ ਖ਼ਤਮ ਹੋਣ ਦੀ ਜਾਣਕਾਰੀ ਦਿੱਤੀ ਹੈ।
ਕੋਵਿਡ-19 ਟੀਕਾਕਰਨ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਵਿੱਚ ਸਭ ਤੋਂ ਵੱਧ ਲੋਕਾਂ ਵਲੋਂ ਕਰਵਾਇਆ ਗਿਆ। ਹੁਣ ਤੱਕ ਸੂਬੇ ਵਿੱਚ ਤਕਰੀਬਨ 23.4 ਲੱਖ ਵਿਅਕਤੀਆਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ, ਜਿਸ ਵਿੱਚ 1,69,268 ਸਿਹਤ ਸੰਭਾਲ ਕਰਮਚਾਰੀ ਪਹਿਲੀ ਖੁਰਾਕ, 81104 ਸਿਹਤ ਸੰਭਾਲ ਕਰਮਚਾਰੀ ਦੂਜੀ ਖੁਰਾਕ, 314427 ਫਰੰਟ ਲਾਈਨ ਯੋਧਿਆਂ ਦੀ ਪਹਿਲੀ ਖੁਰਾਕ ਤੇ 72845 ਫਰੰਟ ਲਾਈਨ ਯੋਧਿਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।