02,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਪਿਛਲੇ ਸਾਲ 3 ਅਕਤੂਬਰ ਨੂੰ ਕਰੂਜ਼ ਡਰੱਗਜ਼ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਬਾਲੀਵੁੱਡ ਕਿੰਗ ਖ਼ਾਨ ਸ਼ਾਹਰੁਖ ਦੇ ਬੇਟੇ ਆਰੀਅਨ ਖ਼ਾਨ ਬਾਰੇ ਵੱਡੀ ਜਾਣਕਾਰੀ ਮਿਲੀ ਹੈ। ਐਸਆਈਟੀ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਰੀਅਨ ਖ਼ਾਨ ਦੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਡ ਦਾ ਹਿੱਸਾ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਆਰੀਅਨ ਨੂੰ ਡਰੱਗ ਮਾਮਲੇ ‘ਚ ਕਲੀਨ ਚਿੱਟ ਮਿਲ ਸਕਦੀ ਹੈ। ਮਾਮਲੇ ਨਾਲ ਜੁੜੇ ਲੋਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ NCB ਨੇ 3 ਅਕਤੂਬਰ, 2021 ਨੂੰ ਮੁੰਬਈ ਵਿੱਚ ਇੱਕ ਕਰੂਜ਼ ‘ਤੇ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨਾਲ ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਤੇ 17 ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਆਰੀਅਨ ਨੂੰ ਕਰੀਬ ਵੀਹ ਦਿਨ ਜੇਲ੍ਹ ‘ਚ ਬਿਤਾਉਣ ਤੋਂ ਬਾਅਦ ਅਦਾਲਤ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ।
ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੂੰ ਹਰ ਸ਼ੁੱਕਰਵਾਰ ਨੂੰ NCB ਦਫਤਰ ‘ਚ ਹਾਜ਼ਰ ਹੋਣ ਦਾ ਵੀ ਨਿਰਦੇਸ਼ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਲਈ ਐਸਆਈਟੀ ਟੀਮ ਵੀ ਗਠਿਤ ਕੀਤੀ ਗਈ ਹੈ। ਹੁਣ ਤਾਜ਼ਾ ਰਿਪੋਰਟ ਮੁਤਾਬਕ ਐਸਆਈਟੀ ਦੀ ਟੀਮ ਨੂੰ ਆਪਣੀ ਜਾਂਚ ਵਿੱਚ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਸ਼ੱਕ ਕੀਤਾ ਜਾ ਸਕੇ ਕਿ ਉਹ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਸੀ।
ਫਾਈਲ ਰਿਪੋਰਟ ਵਿੱਚ ਸਮਾਂ ਲੱਗੇਗਾ
ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਆਰੀਅਨ ਦੀ ਵ੍ਹੱਟਸਐਪ ਚੈਟ ਤੋਂ ਵੀ ਇਹ ਨਹੀਂ ਲੱਗਦਾ ਕਿ ਉਹ ਡਰੱਗਜ਼ ਦੇ ਅੰਤਰਰਾਸ਼ਟਰੀ ਸਿੰਡੀਕੇਟ ਦਾ ਹਿੱਸਾ ਸੀ। ਜਾਂਚ ਦੌਰਾਨ ਇਹ ਸਵਾਲ ਵੀ ਉਠਾਏ ਗਏ ਕਿ ਐਨਸੀਬੀ ਨੇ ਛਾਪੇਮਾਰੀ ਦੌਰਾਨ ਵੀਡੀਓ ਕਿਉਂ ਨਹੀਂ ਬਣਾਈ, ਜੋ ਕਿ ਐਨਸੀਬੀ ਦੇ ਮੈਨੂਅਲ ਵਿੱਚ ਸਪਸ਼ਟ ਤੌਰ ’ਤੇ ਦਰਜ ਹੈ। ਹਾਲਾਂਕਿ, ਐਸਆਈਟੀ ਦੀ ਇਹ ਰਿਪੋਰਟ ਅਜੇ ਫਾਈਨਲ ਨਹੀਂ ਹੈ ਤੇ ਅੰਤਿਮ ਰਿਪੋਰਟ ਪੇਸ਼ ਕਰਨ ਵਿੱਚ ਕੁਝ ਮਹੀਨੇ ਹੋਰ ਲੱਗ ਸਕਦੇ ਹਨ।