Hemkund Sahib: ਹੇਮਕੁੰਟ ਸਾਹਿਬ ਦੇ ਦਰਵਾਜ਼ੇ ਸਰਦੀਆਂ ਲਈ ਹੋਏ ਬੰਦ, ਇਸ ਵਾਰ ਸਿਰਫ 36 ਦਿਨ ਚੱਲੀ ਯਾਤਰਾ

0
13

Hemkund Sahib 10 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪ੍ਰਸਿੱਧ ਹੇਮਕੁੰਟ ਸਾਹਿਬ ਦੇ ਦਵਾਰ ਠੰਢ ਦੇ ਕਾਰਨ ਬੰਦ ਕਰ ਦਿੱਤੇ ਗਏ ਹਨ। ਇਸ ਦੌਰਾਨ ਤਕਰੀਬਨ 1350 ਸਿੱਖ ਸੰਗਤਾਂ ਨੇ ਅੰਤਮ ਅਰਦਾਸ ‘ਚ ਹਿੱਸਾ ਲਿਆ। ਇਸ ਦੇ ਨਾਲ ਹੀ ਪਵਿੱਤਰ ਅਸਥਾਨ ਦੇ ਚਿੰਨ੍ਹ ਮੰਦਰ-ਲੋਕਪਾਲ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਹਰ ਸਾਲ ਮਈ ਦੇ ਮਹੀਨੇ ਵਿਚ ਖੁੱਲ੍ਹਦੇ ਹਨ, ਪਰ ਇਸ ਵਾਰ ਕੋਰੋਨਾ ਮਹਾਮਾਰੀ ਦੇ ਕਾਰਨ, ਇਹ ਦਰਵਾਜ਼ੇ ਚਾਰ ਸਤੰਬਰ ਨੂੰ ਖੋਲ੍ਹੇ ਗਏ। ਜ਼ਿਕਰਯੋਗ ਹੈ ਕਿ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਹੇਮਕੁੰਟ ਸਾਹਿਬ ਸਿੱਖਾਂ ਲਈ ਇੱਕ ਪ੍ਰਸਿੱਧ ਤੀਰਥ ਸਥਾਨ ਹੈ।

ਸ੍ਰੀ ਹੇਮਕੁੰਟ ਸਾਹਿਬ, ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ ‘ਤੇ ਚਮੋਲੀ ਜ਼ਿਲ੍ਹੇ ‘ਚ ਸਥਿਤ ਇੱਕ ਪਵਿੱਤਰ ਸਿੱਖ ਤੀਰਥ ਅਸਥਾਨ ਹੈ। ਇਹ ਅਸਥਾਨ ਸ਼ਨੀਵਾਰ ਦੁਪਹਿਰ 1.30 ਵਜੇ ਸਰਦੀਆਂ ਦੇ ਮੌਸਮ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਹੇਮਕੁੰਟ ਸਾਹਿਬ ਦੇ ਬੰਦ ਕਰਨ ਦੀ ਪ੍ਰਕਿਰਿਆ ਸ਼ਨੀਵਾਰ ਸਵੇਰ ਤੋਂ ਹੀ ਸ਼ੁਰੂ ਹੋ ਗਈ ਸੀ। ਪਹਿਲੀ ਅਰਦਾਸ ਸਵੇਰੇ ਸਾਢੇ ਨੌਂ ਵਜੇ ਹੋਈ। ਇਸ ਤੋਂ ਬਾਅਦ ਸਵੇਰੇ 10 ਵਜੇ ਸੁਖਮਨੀ ਸਾਹਿਬ ਦਾ ਪਾਠ ਹੋਇਆ ਅਤੇ 11 ਵਜੇ ਸ਼ਬਦ ਕੀਰਤਨ ਹੋਇਆ। ਇਸ ਸਾਲ ਦੀ ਅੰਤਿਮ ਅਰਦਾਸ ਦੁਪਹਿਰ ਸਾਢੇ 12 ਵਜੇ ਹੋਈ।ਜਿਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੱਚਖੰਡ ‘ਚ ਬਿਰਾਜਮਾਨ ਕੀਤਾ ਗਿਆ ਅਤੇ ਫਿਰ ਦਰਵਾਜ਼ੇ ਸਰਦੀਆਂ ਲਈ ਮੁਕੰਮਲ ਤੌਰ ਤੇ ਬੰਦ ਕਰ ਦਿੱਤੇ ਗਏ।

ਦੱਸ ਦੇਈਏ ਕਿ ਇਸ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ 4 ਸਤੰਬਰ ਦੇ ਅਖੀਰ ਵਿੱਚ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਸੀ। ਇਸ ਸਾਲ ਲਗਭਗ 8500 ਸ਼ਰਧਾਲੂਆਂ ਨੇ 36 ਦਿਨਾਂ ਦੀ ਯਾਤਰਾ ‘ਚ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ, ਜਦੋਂ ਕਿ ਪਿਛਲੇ ਸਾਲ 2.39 ਲੱਖ ਤੋਂ ਵੱਧ ਸ਼ਰਧਾਲੂ ਹੇਮਕੁੰਟ ਸਾਹਿਬ ਪਹੁੰਚੇ ਸੀ।

LEAVE A REPLY

Please enter your comment!
Please enter your name here