
ਬਠਿੰਡਾ 17 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਬਠਿੰਡਾ ਵਿਖੇ ਅੱਜ ਆਰਡੀਨੈਂਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਟਰੈਕਟਰ ਟਰਾਲੀਆਂ ਤੇ ਚੜ੍ਹ ਕੇ ਪਿੰਡ ਨਰੂਆਣਾ ਤੋਂ ਰੋਸ ਮਾਰਚ ਕਰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਦਾ ਘਿਰਾਓ ਕੀਤਾ ਗਿਆ।ਦੱਸ ਦਈਏ ਕਿ ਦੁਪਹਿਰ ਬਾਅਦ ਆਮ ਆਦਮੀ ਪਾਰਟੀ ਵੀ ਇਸ ‘ਚ ਸ਼ਾਮਲ ਹੋਈ। ਸੂਬੇ ਭਰ ਚ ਕਈ ਦਿਨਾਂ ਤੋਂ ਕਿਸਾਨ ਆਰਡੀਨੈਸਾਂ ਖਿਲਾਫ ਕਿਸਾਨਾਂ ਦਾ ਧਰਨਾ ਜਾਰੀ ਹੈ।
ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਅਤੇ ਪਾਰਟੀ ਦੇ ਹੋਰ ਵਰਕਰਾਂ ਨੇ ਇਸ ਧਰਨੇ ਪ੍ਰਦਰਸ਼ਨ ‘ਚ ਹਿੱਸਾ ਲਿਆ।
ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਵਿੱਚ ਸੁਖਬੀਰ ਬਾਦਲ ਆਰਡੀਨੈਂਸ ਬਿੱਲ ਦੇ ਖਿਲਾਫ਼ ਵੋਟ ਪਾ ਰਹੇ ਹਨ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਹਰਸਿਮਰਤ ਕੌਰ ਬਾਦਲ ਆਰਡੀਨੈਂਸ ਬਿੱਲ ਦਾ ਪ੍ਰਚਾਰ ਕਰ ਰਹੇ ਹਨ। ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਦੇ ਚੱਕਰ ਵਿੱਚ ਹੀ ਅਕਾਲੀ ਦਲ ਅਤੇ ਕਾਂਗਰਸ ਦੋਨੋਂ ਹੀ ਇਸ ਬਿੱਲ ਦੇ ਹੱਕ ਵਿੱਚ ਹਨ।
ਉਨ੍ਹਾਂ ਕਿਹਾ ਜੇ ਇਹਨਾਂ ਨੂੰ ਕਿਸਾਨਾਂ ਦੀ ਕੋਈ ਚਿੰਤਾ ਹੁੰਦੀ ਤਾਂ ਹਰਸਿਮਰਤ ਕੌਰ ਬਾਦਲ ਆਪਣੀ ਕੇਂਦਰ ਦੀ ਵਜ਼ੀਰੀ ਤੋਂ ਅਸਤੀਫਾ ਦੇ ਦਿੰਦੀ।ਇਸ ਦੇ ਨਾਲ ਹੀ ਸੰਸਦ ਵਿੱਚ ਇਸ ਬਿੱਲ ਨੂੰ ਲੈ ਕੇ ਕੋਈ ਵੋਟਿੰਗ ਨਹੀਂ ਹੋਈ ਜਿਸਦੇ ਚੱਲਦੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ‘ਚ ਖੜ੍ਹੀ ਹੈ।ਉਨ੍ਹਾਂ ਅੱਗੇ ਕਿਹਾ ਕਿ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਖੁਦ ਕੈਬਨਿਟ ਵਿੱਚ ਲਿਖ ਕੇ ਦੇ ਚੁੱਕੇ ਹਨ ਕਿ ਇਹ ਬਿੱਲ ਕਿਸਾਨ ਦੇ ਹੱਕ ਵਿੱਚ ਹੈ ਪਤਾ ਨਹੀਂ ਕਿਉਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅੱਜ ਦਾ ਇਹ ਟਰੈਕਟਰ ਮਾਰਚ ਬਾਦਲ ਪਿੰਡ ਤੱਕ ਜਾਏਗਾ ਜੇਕਰ ਪੁਲਿਸ ਨੇ ਰਸਤੇ ਵਿਚ ਰੋਕਿਆ ਤਾਂ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ।
