*CWC ਦੀ ਮੀਟਿੰਗ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਸੱਦੀ CPP ਦੀ ਮੀਟਿੰਗ , ਕਾਂਗਰਸ ਦੀ ਹਾਰ ਨੂੰ ਲੈ ਕੇ ਹੋ ਸਕਦੈ ਮੰਥਨ*

0
24

ਨਵੀਂ ਦਿੱਲੀ  12,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਕਾਂਗਰਸ ਵਰਕਿੰਗ ਕਮੇਟੀ (CWC) ਦੀ ਮੀਟਿੰਗ ਤੋਂ ਪਹਿਲਾਂ ਕਾਂਗਰਸ ਸੰਸਦੀ ਪਾਰਟੀ (CPP) ਦੀ ਪ੍ਰਧਾਨ ਸੋਨੀਆ ਗਾਂਧੀ ਨੇ ਭਲਕੇ (ਐਤਵਾਰ) ਸਵੇਰੇ 10.30 ਵਜੇ 10 ਜਨਪਥ ਵਿਖੇ ਪਾਰਟੀ ਦੇ ਸੰਸਦੀ ਰਣਨੀਤੀ ਸਮੂਹ ਦੀ ਮੀਟਿੰਗ ਬੁਲਾਈ ਹੈ। ਦੱਸ ਦੇਈਏ ਕਿ ਕੱਲ੍ਹ ਸ਼ਾਮ 4 ਵਜੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ। 

ਇਨ੍ਹਾਂ ਦੋਵਾਂ ਮੀਟਿੰਗਾਂ ਵਿੱਚ ਪੰਜ ਰਾਜਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਨੂੰ ਲੈ ਕੇ ਮੰਥਨ ਹੋ ਸਕਦਾ ਹੈ। ਇਸ ਦੇ ਨਾਲ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਕਿਸ ਤਰ੍ਹਾਂ ਦੀ ਤਿਆਰੀ ਕਰੇਗੀ, ਇਸ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ। ਇਸ ਮੀਟਿੰਗ ਵਿੱਚ ਪੰਜ ਰਾਜਾਂ ਦੀਆਂ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ, ਹਾਰ ਦੇ ਕਾਰਨਾਂ ਅਤੇ ਪਾਰਟੀ ਦੀ ਮੌਜੂਦਾ ਸਿਆਸੀ ਸਥਿਤੀ ਦਾ ਜਾਇਜ਼ਾ ਲਿਆ ਜਾ ਸਕਦਾ ਹੈ।

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇੰਨਾ ਹੀ ਨਹੀਂ ਪੰਜਾਬ ਦੀ ਸੱਤਾ ਵੀ ਹੱਥੋਂ ਨਿਕਲ ਗਈ ਹੈ। ਇਸ ਤੋਂ ਬਾਅਦ ਪਾਰਟੀ ਲੀਡਰਸ਼ਿਪ ‘ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਦੱਸ ਦੇਈਏ ਕਿ ਸਾਲ 2017 ‘ਚ 10 ਸਾਲ ਬਾਅਦ ਕਾਂਗਰਸ ਸੱਤਾ ‘ਚ ਆਈ ਸੀ, ਜਿਸ ਤੋਂ ਇਸ ਵਾਰ ਪਾਰਟੀ ਹਾਰ ਗਈ ਸੀ।

ਕੱਲ੍ਹ ਹੋਈ ਸੀ G-23 ਗਰੁੱਪ ਦੇ ਆਗੂਆਂ ਦੀ ਮੀਟਿੰਗ 

ਦੱਸ ਦਈਏ ਕਿ ਪੰਜ ਰਾਜਾਂ ‘ਚ ਮਿਲੀ ਕਰਾਰੀ ਹਾਰ ਕਾਰਨ ਕਾਂਗਰਸ ਦਾ ਭਵਿੱਖ ਲਟਕਦਾ ਨਜ਼ਰ ਆ ਰਿਹਾ ਹੈ। ਇਸ ਹਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਪਾਰਟੀ ਦੇ ਜੀ-23 ਗਰੁੱਪ ਦੇ ਕਈ ਨੇਤਾਵਾਂ ਨੇ ਬੈਠਕ ਕੀਤੀ। ਇਸ ਮੀਟਿੰਗ ਵਿੱਚ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਪਿਲ ਸਿੱਬਲ, ਆਨੰਦ ਸ਼ਰਮਾ ਅਤੇ ਮਨੀਸ਼ ਤਿਵਾੜੀ ਸਾਬਕਾ ਰਾਜ ਸਭਾ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੇ ਘਰ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਵਿੱਚ ਕੀ ਚਰਚਾ ਹੋਈ ਇਸ ਬਾਰੇ ਫਿਲਹਾਲ ਇਨ੍ਹਾਂ ਆਗੂਆਂ ਵੱਲੋਂ ਕੋਈ ਜਨਤਕ ਬਿਆਨ ਨਹੀਂ ਆਇਆ ਹੈ।

ਯੂਪੀ ਵਿੱਚ ਸਿਰਫ਼ 2 ਸੀਟਾਂ, ਪੰਜਾਬ ‘ਚ ਹੱਥੋਂ ਗਈ ਸੱਤਾ  

ਜ਼ਿਕਰਯੋਗ ਹੈ ਕਿ 403 ਮੈਂਬਰੀ ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ ਭਾਜਪਾ ਗਠਜੋੜ ਨੇ 273 ਸੀਟਾਂ ਜਿੱਤੀਆਂ ਹਨ। ਸਪਾ ਗਠਜੋੜ ਨੂੰ 125 ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਨੂੰ ਸਿਰਫ਼ 2 ਸੀਟਾਂ ਮਿਲੀਆਂ ਹਨ, ਇਸ ਤੋਂ ਇਲਾਵਾ ਬਸਪਾ ਨੂੰ 1 ਅਤੇ ਹੋਰ ਨੂੰ 2 ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਹਨ। ਕਾਂਗਰਸ ਨੂੰ ਸਿਰਫ਼ 18 ਸੀਟਾਂ ਮਿਲੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ 3 ਅਤੇ ਭਾਰਤੀ ਜਨਤਾ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਇੱਕ ਸੀਟ ਜਿੱਤਣ ਵਿੱਚ ਕਾਮਯਾਬ ਰਹੀ। ਚੰਨੀ, ਪ੍ਰਕਾਸ਼ ਸਿੰਘ ਬਾਦਲ ਅਤੇ ਅਮਰਿੰਦਰ ਸਿੰਘ ਸਮੇਤ ਕਈ ਮਜ਼ਬੂਤ ​​ਆਗੂ ਚੋਣਾਂ ਵਿੱਚ ਆਪਣੀ ਸੀਟ ਨਹੀਂ ਬਚਾ ਸਕੇ।

ਉੱਤਰਾਖੰਡ ਵਿੱਚ ਕਾਂਗਰਸ ਨੂੰ 19 ਅਤੇ ਮਨੀਪੁਰ ਵਿੱਚ ਮਿਲੀਆਂ 5 ਸੀਟਾਂ 

ਦੂਜੇ ਪਾਸੇ 70 ਮੈਂਬਰੀ ਉੱਤਰਾਖੰਡ ਵਿਧਾਨ ਸਭਾ ਵਿੱਚ ਭਾਜਪਾ ਨੇ 47 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਨੂੰ 19 ਸੀਟਾਂ ਮਿਲੀਆਂ ਹਨ ਜਦਕਿ ਬਾਕੀਆਂ ਦੇ ਖਾਤੇ ‘ਚ 4 ਸੀਟਾਂ ਆ ਗਈਆਂ ਹਨ। ਭਾਜਪਾ ਨੇ ਗੋਆ ਦੀਆਂ ਸਾਰੀਆਂ 40 ਵਿਧਾਨ ਸਭਾ ਸੀਟਾਂ ਵਿੱਚੋਂ 20 ਸੀਟਾਂ ਜਿੱਤੀਆਂ ਹਨ। ਜਦਕਿ ਕਾਂਗਰਸ ਗਠਜੋੜ ਨੂੰ 12 ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ 2 ਸੀਟਾਂ ‘ਆਪ’ ਦੇ ਖਾਤੇ ‘ਚ ਗਈਆਂ ਜਦਕਿ 6 ਸੀਟਾਂ ਹੋਰਨਾਂ ਦੇ ਖਾਤੇ ‘ਚ ਗਈਆਂ। 60 ਮੈਂਬਰੀ ਮਣੀਪੁਰ ਵਿਧਾਨ ਸਭਾ ਵਿੱਚ ਭਾਜਪਾ ਨੇ 32 ਸੀਟਾਂ ਜਿੱਤੀਆਂ ਹਨ। ਦੂਜੇ ਪਾਸੇ ਕਾਂਗਰਸ ਨੂੰ 5, ਐਨਪੀਪੀ ਨੂੰ 7, ਐਨਪੀਐਫ ਨੂੰ 5 ਜਦਕਿ ਹੋਰਨਾਂ ਨੂੰ 11 ਸੀਟਾਂ ਮਿਲੀਆਂ ਹਨ।

LEAVE A REPLY

Please enter your comment!
Please enter your name here