
ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ (Coronavirus) ਦੇ ਮਾਮਲੇ ਵਧ ਕੇ 18601 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ (Health ministry) ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਮੰਗਲਵਾਰ ਸ਼ਾਮ ਕਰੀਬ 4 ਵਜੇ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਹੁਣ ਤੱਕ 3252 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸ ਵਿੱਚ, ਕੱਲ੍ਹ ਯਾਨੀ ਸੋਮਵਾਰ ਨੂੰ 705 ਮਰੀਜ਼ ਠੀਕ ਹੋਏ। ਉਨ੍ਹਾਂ ਕਿਹਾ ਕਿ ਹੁਣ ਰਿਕਵਰੀ ਰੇਟ 17.48% ਹੋ ਗਈ ਹੈ।
61 ਜ਼ਿਲ੍ਹਿਆਂ ‘ਚ 14 ਦਿਨਾਂ ਤੋਂ ਕੋਈ ਕੇਸ ਨਹੀਂ:
ਇਸਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਚਾਰ ਜ਼ਿਲ੍ਹਿਆਂ ‘ਚ 28 ਦਿਨਾਂ ‘ਚ ਕੋਰੋਨਾਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਇਸ ਦੇ ਨਾਲ ਹੀ ਅਜਿਹੇ 61 ਜ਼ਿਲ੍ਹੇ ਹਨ ਜਿੱਥੇ 14 ਦਿਨਾਂ ‘ਚ ਕੋਵਿਡ-19 ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾਵਾਇਰਸ ਖ਼ਿਲਾਫ਼ ਵੱਖਰੇ ਮੋਰਚੇ ‘ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਚੋਂ ਇੱਕ ਹੈ ਸਮਾਜਕ ਦੂਰੀ, ਜਿਸ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ।
ਸੋਮਵਾਰ ਨੂੰ 35 ਹਜ਼ਾਰ ਤੋਂ ਵੱਧ ਟੈਸਟ ਹੋਏ:
ਇਸ ਤੋਂ ਇਲਾਵਾ ਆਈਸੀਐਮਆਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ 35 ਹਜ਼ਾਰ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਹੁਣ ਤੱਕ 4 ਲੱਖ 49 ਹਜ਼ਾਰ 810 ਟੈਸਟ ਹੋ ਚੁੱਕੇ ਹਨ। ਆਈਸੀਐਮਆਰ ਦੇ ਪ੍ਰਧਾਨ ਆਰ ਗੰਗਾਖੇਡਕਰ ਨੇ ਦੱਸਿਆ ਕਿ ਸੋਮਵਾਰ ਨੂੰ ਕੁੱਲ 35852 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਚੋਂ 29776 ਟੈਸਟ ਆਈਸੀਐਮਆਰ ਨੈਟਵਰਕ ਦੀਆਂ 201 ਲੈਬਾਂ ਵਿੱਚ, ਬਾਕੀ 6076 ਟੈਸਟ 86 ਨਿੱਜੀ ਲੈਬਾਂ ਵਿੱਚ ਕੀਤੇ ਗਏ।
ਇਸਦੇ ਨਾਲ, ਇਹ ਦੱਸਿਆ ਗਿਆ ਕਿ ਇੱਕ ਸੂਬੇ ਤੋਂ ਰੈਪਿਡ ਟੈਸਟ ‘ਚ ਸ਼ਿਕਾਇਤ ਮਿਲੀ ਹੈ। ਰੈਪਿਡ ਟੈਸਟ ਦੀ ਖਾਮੀ ਨੂੰ ਦੂਰ ਕਰ ਦਿੱਤਾ ਜਾਵੇਗਾ। ਦੋ ਦਿਨਾਂ ਲਈ ਕੋਈ ਰੈਪਿਡ ਟੈਸਟ ਨਹੀਂ ਹੋਵੇਗਾ। ਜਾਂਚ ਤੋਂ ਬਾਅਦ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ।
