
ਨਵੀਂ ਦਿੱਲੀ 3 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਹੈਦਰਾਬਾਦ ਸਥਿਤ ਡਾਕਟਰ ਰੈਡੀਜ਼ ਲੈਬਾਰਟਰੀਜ਼ ਨੇ ਭਾਰਤ ਦੇ ਮਨੁੱਖੀ ਸਰੀਰ ‘ਤੇ ਰੂਸੀ ਕੋਵਿਡ -19 ਵੈਕਸਿਨ ਸਪੁਟਨਿਕ -5 ਦੇ ਫੇਜ਼ III ਦੇ ਕਲੀਨਿਕਲ ਟ੍ਰਾਈਲ ਲਈ ਮਨਜ਼ੂਰੀ ਦੀ ਮੰਗ ਕੀਤੀ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਲਈ ਕੰਟਰੋਲਰ ਜਨਰਲ ਆਫ ਇੰਡੀਅਨ ਡਰੱਗਜ਼ (ਡੀਸੀਜੀਆਈ) ਨੂੰ ਅਪੀਲ ਕੀਤੀ ਹੈ।
ਭਾਰਤੀ ਫਾਰਮਾ ਕੰਪਨੀ ਨੇ ਕਲੀਨਿਕਲ ਟ੍ਰਾਈਲ ਅਤੇ ਵੈਕਸਿਨ ਦੀ ਵੰਡ ਲਈ ਰੂਸ ਦੇ ਸਿੱਧੇ ਨਿਵੇਸ਼ ਫੰਡ (ਆਰਡੀਆਈਐਫ) ਨਾਲ ਸਮਝੌਤਾ ਕੀਤਾ ਹੈ। ਕੰਪਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਡੀਸੀਜੀਆਈ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਆਰਡੀਐਫ ਵੈਕਸਿਨ ਦੀਆਂ 10 ਕਰੋੜ ਖੁਰਾਕਾਂ ਡਾਕਟਰ ਰੈੱਡੀ ਨੂੰ ਭੇਜੇਗੀ।
ਦੱਸ ਦਈਏ ਕਿ ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਇਸ ਦੀ ਪ੍ਰਭਾਵਸ਼ਾਲੀ ਵੈਕਸਿਨ ਕਦੋਂ ਤਕ ਉਪਲਬਧ ਹੋਏਗੀ। ਇਸ ਦੌਰਾਨ ਮਹਾਮਾਰੀ ਦੇ ਟੀਕੇ ਵਿਕਸਿਤ ਕਰਨ ਲਈ ਕੰਮ ਕਰ ਰਹੇ ਮਾਹਰਾਂ ਦਾ ਕਹਿਣਾ ਹੈ ਕਿ ਕੋਵਿਡ-19 ਲਈ ਪ੍ਰਭਾਵੀ ਟੀਕਾ ਮਾਰਚ 2021 ਤੋਂ ਪਹਿਲਾਂ ਲੋਕਾਂ ਨੂੰ ਉਪਲਬਧ ਹੋਣ ਦੀ ਸੰਭਾਵਨਾ ਨਹੀਂ ਹੈ।
