ਚੰਡੀਗੜ੍ਹ 05 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਬੇਸ਼ੱਕ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ ਤੇ ਮੌਤਾਂ ਦੀ ਗਿਣਤੀ ਘਟੀ ਹੈ ਪਰ ਮੌਤ ਦਰ ਨਵੀਂ ਸਮੱਸਿਆ ਬਣ ਕੇ ਖੜ੍ਹ ਗਈ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਕੋਰੋਨਾ ਵਾਇਰਸ ਕਾਰਨ ਸੂਬੇ ਮੌਤ ਦਰ 4.2 % ਦਰਜ ਕੀਤੀ ਗਈ ਹੈ। ਪੰਜਾਬ ਦੇ ਨੌਂ ਜ਼ਿਲ੍ਹੇ ਅਜਿਹੇ ਹਨ ਜਿੱਥੇ ਮੌਤ ਦਰ ਤਿੰਨ ਫ਼ੀਸਦ ਤੋਂ ਵੱਧ ਹੈ। ਵਧੇਰੇ ਫਿਕਰਮੰਦੀ ਵਾਲੀ ਗੱਲ ਇਸ ਕਰਕੇ ਵੀ ਹੈ ਕਿਉਂਕਿ ਦੇਸ਼ ਵਿੱਚ ਮੌਤ ਦਰ 1.2 ਫ਼ੀਸਦ ਹੈ।
ਇਸ ਸਮੇਂ ਸੂਬੇ ਵਿੱਚ ਮੌਤ 2.6 ਫ਼ੀਸਦ ਹੈ। ਸੌਖੇ ਸ਼ਬਦਾਂ ਵਿੱਚ ਜੇਕਰ 100 ਵਿਅਕਤੀ ਕੋਰੋਨਾ ਪਾਜ਼ੇਟਿਵ ਹਨ ਤਾਂ ਉਨ੍ਹਾਂ ਵਿੱਚ 2.6 ਵਿਅਕਤੀਆਂ ਦੀ ਮੌਤ ਹੋ ਰਹੀ ਹੈ। ਪੰਜਾਬ ਵਿੱਚ ਸਭ ਤੋਂ ਵੱਧ ਮੌਤ ਦਰ 5.3% ਸੰਗਰੂਰ ਜ਼ਿਲ੍ਹੇ ਵਿੱਚ ਹੈ, ਜਿੱਥੇ ਹਰ 100 ਕੋਰੋਨਾ ਪਾਜ਼ੇਟਿਵ ਵਿਅਕਤੀਆਂ ਵਿੱਚੋਂ ਘੱਟੋ-ਘੱਟ ਪੰਜ ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।
ਸੰਗਰੂਰ ਤੋਂ ਬਾਅਦ ਨੰਬਰ ਆਉਂਦਾ ਹੈ ਤਰਨ ਤਾਰਨ ਦਾ, ਜਿੱਥੇ ਮੌਤ ਦਰ 4.3% ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਵਿੱਚ ਮੌਤ ਦਰ 3.7%, ਗੁਰਦਾਸਪੁਰ ਵਿੱਚ 3.5%, ਅੰਮ੍ਰਿਤਸਰ ਵਿੱਚ 3.3%, ਹੁਸ਼ਿਆਰਪੁਰ ਵਿੱਚ 3.2%, ਫ਼ਿਰੋਜ਼ਪੁਰ ਵਿੱਚ 3.1% ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਮੌਤ ਦਰ 3.0% ਦਰਜ ਕੀਤੀ ਗਈ ਹੈ।
ਮਾਨਸਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੋ ਜ਼ਿਲ੍ਹੇ ਅਜਿਹੇ ਹਨ ਜਿੱਥੇ ਮੌਤ ਦਰ ਦੋ ਫ਼ੀਸਦ ਤੋਂ ਘੱਟ ਦਰਜ ਕੀਤੀ ਗਈ ਹੈ। 31 ਮਈ ਤੋਂ 6 ਜੂਨ ਦੌਰਾਨ ਸੂਬੇ ਵਿੱਚ ਕੋਵਿਡ-19 ਦੇ 15,145 ਮਾਮਲੇ ਪਾਏ ਗਏ ਅਤੇ 644 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਆਧਾਰ ‘ਤੇ ਸੂਬੇ ਵਿੱਚ ਮੌਤ ਦਰ 4.2% ਦਰਜ ਕੀਤੀ ਗਈ। ਹਰ ਰੋਜ਼ ਕੋਰੋਨਾ ਦੇ ਔਸਤਨ ਦੋ ਹਜ਼ਾਰ ਨਵੇਂ ਮਰੀਜ਼ ਪਛਾਣੇ ਜਾਂਦੇ ਹਨ।
ਪਿਛਲੇ ਮਹੀਨੇ ਦੇ ਮੱਧ ਵਿੱਚ ਇਹ ਅੰਕੜਾ ਅੱਠ ਤੋਂ ਨੌਂ ਹਜ਼ਾਰ ਦੇ ਨੇੜੇ ਸੀ। ਮਾਹਰਾਂ ਮੁਤਾਬਕ ਪਿਛਲੇ ਮਹੀਨੇ ਆਏ ਕੇਸਾਂ ਦੇ ਹੜ੍ਹ ਕਰਕੇ ਸੂਬੇ ਵਿੱਚ ਮੌਤ ਦਰ ਵਧੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਕੁਝ ਜ਼ਿਲ੍ਹਿਆਂ ਵਿੱਚ ਕੋਰੋਨਾ ਟੈਸਟਿੰਗ ਦੀ ਰਫ਼ਤਾਰ ਮੱਠੀ ਸੀ, ਜਿਸ ਕਾਰਨ ਮੌਤ ਦਰ ਵਿੱਚ ਵਾਧਾ ਹੋਇਆ ਹੈ। ਸਿਹਤ ਵਿਭਾਗ ਨੇ ਟੈਸਟਿੰਗ ਤੇਜ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।