
(ਸਾਰਾ ਯਹਾਂ/ਬਿਊਰੋ ਨਿਊਜ਼ ) ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਚੇਂਜ ਆਫ ਲੈਂਡ ਯੂਜ਼ (ਸੀਐਲਯੂ) ਦੀ ਗੁੰਝਲਦਾਰ ਪ੍ਰਕਿਰਿਆ ਨੂੰ ਖਤਮ ਕਰਨ ਲਈ ਦ੍ਰਿੜ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਆਦੇਸ਼ ਦਿੱਤੇ ਹਨ। ਅਰੋੜਾ ਨੇ ਕਿਹਾ ਕਿ ਸਨਅਤਕਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਉਦਯੋਗਾਂ ਨੂੰ ਸਿਰਫ਼ ਇੱਕ ਵਿਭਾਗ ਤੋਂ ਨਕਸ਼ੇ ਦੀ ਪ੍ਰਵਾਨਗੀ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ।
ਦੱਸ ਦਈਏ ਕਿ ਅਮਨ ਅਰੋੜਾ ਵੀਰਵਾਰ ਨੂੰ ਸੰਗਰੂਰ ਜ਼ਿਲ੍ਹਾ ਉਦਯੋਗ ਚੈਂਬਰ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ। ਮੀਟਿੰਗ ਵਿੱਚ ਪੀਐਸਆਈਡੀਸੀ ਦੇ ਚੇਅਰਮੈਨ ਜਸਵੀਰ ਸਿੰਘ ਕੁਦਨੀ ਤੋਂ ਇਲਾਵਾ ਸੰਗਰੂਰ ਜਿਲ੍ਹਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਡਾ. ਏਆਰ ਸ਼ਰਮਾ, ਉਪ ਚੇਅਰਮੈਨ ਘਨਸ਼ਿਆਮ ਕਾਂਸਲ, ਜਿਲ੍ਹਾ ਪ੍ਰਧਾਨ ਸੰਜੀਵ ਚੋਪੜਾ ਕਿੱਟੀ, ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਤੇ ਬਲਾਕ ਪ੍ਰਧਾਨ ਰਾਜੀਵ ਮੱਖਣ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਨਵੀਂ ਸਨਅਤੀ ਨੀਤੀ ਵਿੱਚ ਸਨਅਤਕਾਰਾਂ ਦੇ ਸੁਝਾਵਾਂ ਤੇ ਮੰਗਾਂ ਨੂੰ ਸ਼ਾਮਲ ਕੀਤਾ ਹੈ। ਇੰਡਸਟਰੀ ਨਾਲ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਉਹ ਖੁਦ 24 ਘੰਟੇ ਹਾਜ਼ਰ ਰਹਿੰਦੇ ਹਨ।
ਇਸ ਦੌਰਾਨ ਜਸਵੀਰ ਕੁਦਨੀ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਤੋਂ ਇਲਾਵਾ ਸੰਗਰੂਰ ਵਿੱਚ ਵੀ ਵੱਡੇ ਉਦਯੋਗਿਕ ਪ੍ਰਾਜੈਕਟ ਲਗਾਏ ਜਾਣ। ਪਛੜੇ ਜ਼ਿਲ੍ਹਿਆਂ ‘ਚੋਂ ਇੱਕ ਰਹੇ ਸੰਗਰੂਰ ਨੂੰ ਸੂਬੇ ਦਾ ਮੋਹਰੀ ਜ਼ਿਲ੍ਹਾ ਬਣਾਉਣ ਲਈ ਮੁੱਖ ਮੰਤਰੀ ਖੁਦ ਗੰਭੀਰ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਨਅਤਕਾਰ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
