ਚੰਡੀਗੜ੍ਹ14,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਮੁੱਖ ਮੰਤਰੀ ਭਗਵੰਤ ਮਾਨ ‘ਤੇ ਵਿਰੋਧੀਆਂ ਨੇ ਗੰਭੀਰ ਇਲਜ਼ਾਮ ਲਾਏ ਹਨ।ਮਾਨ ‘ਤੇ ਇਲਜ਼ਾਮ ਨੇ ਕਿ ਉਹ ਅੱਜ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਹਨ।ਜਿਸ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਨੇ ਆਪ ਮੁੱਖ ਮੰਤਰੀ ‘ਤੇ ਹਮਲਾ ਬੋਲ ਦਿੱਤਾ।
ਸੀਨੀਅਰ ਕਾਂਗਰਸ ਲੀਡਰ ਅਤੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ, ” ਭਗਵੰਤ ਮਾਨ ‘ਤੇ ਇਲਜ਼ਾਮ ਨੇ ਕਿ ਉਹ ਦਾਰੂ ਨਾਲ ਟੁਨ ਹੋ ਕੇ ਗੁਰੂ ਮਹਾਰਾਜ ਦੀ ਹਜ਼ੂਰੀ ‘ਚ ਗਏ।ਅੱਜ ਇੱਕ ਮੱਹਤਵਪੂਰਨ ਦਿਨ ਹੈ, ਪੂਰੀ ਦੁਨੀਆ ਪੂਰਾ ਵਿਸ਼ਵ ਦੇਖ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨੱਕ ਕੱਟਵਾ ਦਿੱਤੀ ਹੈ।”
ਮੁੱਖ ਮੰਤਰੀ ਮਾਨ ਨੂੰ ਸਵਾਲ ਕਰਦੇ ਹੋਏ ਰਾਜ ਕੁਮਾਰ ਵੇਰਕਾ ਨੇ ਕਿਹਾ, “ਕੀ ਰੋਲ ਮਾਡਲ ਬਣਨਾ ਚਾਹੁੰਦੇ ਹੋ ਭਗਵੰਤ ਮਾਨ ਜੀ?ਦੁਨੀਆ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ। ਜੋ ਸਰਕਾਰ ਕਹਿੰਦੀ ਸੀ ਕਿ ਅਸੀਂ ਨਸ਼ੇ ਖ਼ਤਮ ਕਰਨੇ ਨੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਕੀ ਇਹ ਨਸ਼ੇ ਪੀ-ਪੀ ਕੇ ਖ਼ਤਮ ਕਰਨੇ ਨੇ?ਗੁਰੂ ਮਹਾਰਾਜ ਦੀ ਤਾਬੇ ‘ਚ ਤੁਸੀਂ ਗਏ ਹੋ, ਮੈਂ ਸਮਝਦਾ ਹਾਂ ਕਿ ਇਹ ਬੇਅਦਬੀ ਹੈ, ਇਹ ਬਾਬਾ ਸਾਹਿਬ ਅੰਬੇਡਕਰ ਦੀ ਬੇਅਦਬੀ ਹੈ।”
ਵੇਰਕਾ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ, ਭਗਵੰਤ ਮਾਨ ਨੂੰ ਫੌਰੀ ਤੌਰ ‘ਤੇ ਮੈਡੀਕਲ ਟੈਸਟ ਕਰਵਾਉਣ ਚਾਹੀਦਾ ਹੈ। ਵੇਰਕਾ ਨੇ ਕਿਹਾ, “ਜੇ ਤੁਸੀਂ ਸੱਚੇ ਹੋ ਤਾਂ ਇਨ੍ਹਾਂ ਇਲਜ਼ਾਮਾਂ ‘ਤੇ ਪਰਦਾ ਨਾ ਪਾਓ ਅਤੇ ਫੌਰੀ ਤੌਰ ‘ਤੇ ਟੈਸਟ ਕਰਵਾਓ।ਨਹੀਂ ਤਾਂ ਇਹ ਇਲਜ਼ਾਮ ਸੱਚੇ ਸਾਬਤ ਹੋ ਜਾਣਗੇ ਅਤੇ ਪੰਜਾਬ ਦੇ ਲੋਕ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ।”
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਹਨ, ਇਹ ਇਕ ਵੱਡੀ ਬੇਅਦਬੀ ਹੈ ਜਿਸ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਅਤੇ ਪੰਥਕ ਮਰਿਆਦਾ ਅਨੁਸਾਰ ਉਹਨਾਂ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।