
Punjab Election 2022 02 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੇ ਪਹਿਲਾਂ ਬਗੈਰ ਮੁੱਖ ਮੰਤਰੀ ਦੇ ਚਿਹਰੇ ਤੋਂ ਚੋਣ ਲੜਨ ਦਾ ਮਨ ਬਣਾ ਲਿਆ ਸੀ, ਪਰ ਹੁਣ ਪਾਰਟੀ ਨੇ ਆਪਣਾ ਮਨ ਬਦਲ ਲਿਆ ਹੈ। ਪੰਜਾਬ ‘ਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਤੇ ਕਾਂਗਰਸ ਹੁਣ ਤੱਕ ਕਾਫੀ ਹੌਲੀ ਰਫਤਾਰ ਨਾਲ ਕੰਮ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਹੁਣ ਪਾਰਟੀ ਨੇ ਸੀਐਮ ਫੇਸ ਲਈ ਆਮ ਆਦਮੀ ਪਾਰਟੀ ਦੀ ਤਰਜ਼ ‘ਤੇ ਓਪੀਨੀਅਨ ਪੋਲ ਕਰਵਾਉਣ ਦਾ ਫੈਸਲਾ ਕੀਤਾ ਹੈ।
ਦਰਅਸਲ, ਸਿੱਧੂ ਨੇ ਜਲੰਧਰ ਦੀ ਰੈਲੀ ਵਿੱਚ ਰਾਹੁਲ ਗਾਂਧੀ ਦੇ ਸਾਹਮਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਦੀ ਮੰਗ ਕੀਤੀ ਸੀ ਤੇ ਆਪਣਾ ਦਾਅਵਾ ਵੀ ਠੋਕ ਦਿੱਤਾ ਹੈ। ਹੁਣ ਜਦੋਂ ਤੋਂ ਕਾਂਗਰਸ ਨੇ ਕੈਪਟਨ ਦੀ ਥਾਂ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਵਿੱਚ ਦਲਿਤ ਪੱਤਾ ਖੇਡਿਆ ਹੈ ਤੇ ਪਾਰਟੀ ਸਿੱਧੂ ਦੀ ਨਾਰਾਜ਼ਗੀ ਨੂੰ ਵੀ ਨਹੀਂ ਉਠਾਉਣਾ ਚਾਹੁੰਦੀ। ਇਸ ਲਈ ਕੋਈ ਵਿਚਕਾਰਲਾ ਰਾਹ ਲੱਭਦਿਆਂ ਹਾਈਕਮਾਨ ਨੇ ਵੀ ਫੋਨ ਕਾਲ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਲਈ ਇਹ ਤਿੰਨ ਵਿਕਲਪ ਦਿੱਤੇ
ਇਸ ਮੁਹਿੰਮ ਤਹਿਤ ਪਾਰਟੀ ਪੰਜਾਬ ਦੇ ਲੋਕਾਂ ਨੂੰ ਬੁਲਾ ਕੇ ਮੁੱਖ ਮੰਤਰੀ ਦੇ ਚਿਹਰੇ ਲਈ ਉਨ੍ਹਾਂ ਦੇ ਚਹੇਤੇ ਉਮੀਦਵਾਰ ਬਾਰੇ ਪੁੱਛੇਗੀ। ਇਸ ਦੇ ਲਈ ਪਾਰਟੀ ਨੇ ਤਿੰਨ ਵਿਕਲਪ ਦਿੱਤੇ ਹਨ। ਪਹਿਲਾ ਵਿਕਲਪ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਦੂਜਾ ਨਵਜੋਤ ਸਿੰਘ ਸਿੱਧੂ ਤੇ ਤੀਜਾ ਵਿਕਲਪ ਬਗੈਰ ਚਿਹਰੇ ਤੋਂ ਚੋਣ ਲੜਨ ਦਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ, ਸੂਤਰ ਦੱਸ ਰਹੇ ਹਨ ਕਿ ਕਾਂਗਰਸ ਪਾਰਟੀ 2017 ਦੀ ਤਰ੍ਹਾਂ ਹੀ 10 ਮਾਰਚ ਨੂੰ ਵੋਟਾਂ ਤੋਂ 10 ਦਿਨ ਪਹਿਲਾਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ। ਇਹ ਫੈਸਲਾ ਕਾਂਗਰਸ ਲਈ ਕਿੰਨਾ ਸਹੀ ਸਾਬਤ ਹੋਵੇਗਾ, ਇਹ ਤਾਂ 10 ਮਾਰਚ ਨੂੰ ਹੀ ਪਤਾ ਲੱਗੇਗਾ, ਪਰ ਇਸ ਦੇ ਨਾਲ ਹੀ ਕਾਂਗਰਸ ਲਈ ਹੁਣ ਬਹੁਤ ਦੇਰ ਹੋ ਚੁੱਕੀ ਹੈ।
