
ਚੰਡੀਗੜ੍ਹ: ਪੰਜਾਬ ਗਾਇਕ ਸਿੱਧੂ ਮੂਸੇਵਾਲਾ ਤੋਂ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਪਟਿਆਲਾ ਪੁਲਿਸ ਨੇ ਇੰਸਪੈਕਟਰ ਗੁਰਪ੍ਰੀਤ ਭਿੰਡਰ ਨੂੰ ਮੁਅੱਤਲ ਕਰਨ ਦੇ ਲਗਪਗ ਹਫ਼ਤੇ ਬਾਅਦ ਉਸ ਨੂੰ ਵਾਪਸ ਆਪਣੇ ਪਿੱਤਰੀ ਵਿਭਾਗ ਵਿੱਚ ਭੇਜ ਦਿੱਤਾ ਹੈ ਤੇ ਜ਼ਿਲ੍ਹਾ ਪੁਲਿਸ ਤੋਂ ਮੁਕਤ ਕਰ ਦਿੱਤਾ ਹੈ।
ਜੁਲਕਾ ਥਾਣੇ ਦੇ ਐਸਐਚਓ ਵਜੋਂ ਤਾਇਨਾਤ ਭਿੰਡਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਸੀ ਕਿਉਂਕਿ ਉਸ ਨੇ ਅਣਅਧਿਕਾਰਤ ਢੰਗ ਨਾਲ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਨੂੰ ਡੀਐਸਪੀ ਦਲਜੀਤ ਵਿਰਕ (ਹੁਣ ਮੁਅੱਤਲ) ਦਾ ਗੰਨਮੈਨ ਨਿਯੁਕਤ ਕੀਤਾ ਸੀ। ਭਿੰਡਰ ਖ਼ਿਲਾਫ਼ ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਵਿਵਾਦਗ੍ਰਸਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਬਰਨਾਲਾ ਪੁਲਿਸ ਨੇ ਉਸ ਦੇ ਨਾਲ ਪੰਜ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਸੀ।

ਇਹ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਤੋਂ ਬਾਅਦ ਦਰਜ ਹੋਇਆ ਸੀ ਜਿਸ ‘ਚ ਇੱਕ ਪੁਲਿਸ ਅਧਿਕਾਰੀ ਦੀ ਮਾਲਕੀ ਵਾਲੀ ਨਿੱਜੀ ਫਾਇਰਿੰਗ ਰੇਂਜ ‘ਤੇ ਗਾਇਕ ਸਿੱਧੂ ਮੂਸੇਵਾਲਾ ਸ਼ੂਟਿੰਗ ਕਰਦਾ ਨਜ਼ਰ ਆਇਆ ਸੀ।
ਇਹ ਕੇਸ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਦਰਜ ਕੀਤੇ ਗਏ ਸਨ। ਜਿਨ੍ਹਾਂ ਨੇ ਡੀਐਸਪੀ (ਹੈੱਡਕੁਆਟਰ) ਸੰਗਰੂਰ, ਦਲਜੀਤ ਵਿਰਕ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਸਨ। ਜਿਸ ਤੇ ਡਿਊਟੀ ‘ਚ ਲਾਪ੍ਰਵਾਹੀ ਦੇ ਦੋਸ਼ਾਂ ਹੇਠ ‘ਚ ਜਾਂਚ ਲੰਬਤ ਪਈ ਸੀ।ਇਸ ਦੌਰਾਨ ਮੂਸੇਵਾਲਾ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਵਿੱਚ ਕੌਮੀ ਪੱਧਰ ਦੇ ਦੋ ਨਿਸ਼ਾਨੇਬਾਜ਼ ਕਰਮ ਸਿੰਘ ਲੇਹਲ ਤੇ ਜੰਗ ਸ਼ੇਰ ਵੀ ਸ਼ਾਮਲ ਹਨ।
ਵਧੀਕ ਡੀਜੀਪੀ (ਐਡਮਿਨ) ਦੇ ਇੱਕ ਰਸਮੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਭਿੰਡਰ, ਜੋ ਅਸਥਾਈ ਤੌਰ ’ਤੇ ਜ਼ਿਲ੍ਹਾ ਕੇਡਰ ਨਾਲ ਜੁੜਿਆ ਹੋਇਆ ਸੀ, ਨੂੰ ਵਾਪਸ ਆਪਣੇ ਪੇਰੈਂਟ ਕੇਡਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਡੀਜੀਪੀ ਦੇ ਆਦੇਸ਼ਾਂ ਦੇ ਬਾਵਜੂਦ ਪੀਏਪੀ ਅਫਸਰ ਪਟਿਆਲੇ ਜ਼ਿਲ੍ਹੇ ਨਾਲ ਅਸਥਾਈ ਤੌਰ ਤੇ ਜੁੜੇ ਰਹਿਣ ਵਿੱਚ ਕਾਮਯਾਬ ਰਿਹਾ, ਜਿਸ ਨਾਲ ਪੀਏਪੀ ਅਧਿਕਾਰੀਆਂ ਨੂੰ ਕਿਸੇ ਵੀ ਜ਼ਿਲ੍ਹੇ ਵਿੱਚ ਤੈਨਾਤ ਕਰਨ ਤੋਂ ਵਰਜਿਆ ਗਿਆ ਸੀ।
