ਚੰਡੀਗੜ੍ਹ 28,ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ ): ਨਵਜੋਤ ਸਿੱਧੂ ਨੇ PPCC ਪ੍ਰਧਾਨ ਦੇ ਅਹੁੱਦੇ ਤੋਂ ਦਿੱਤਾ ਅਸਤੀਫ਼ਾ। ਉਨ੍ਹਾਂ ਨੇ 18 ਜੁਲਾਈ ਨੂੰ ਹੀ ਪ੍ਰਧਾਨਗੀ ਦਾ ਅਹੁੱਦਾ ਸੰਭਾਲਿਆ ਸੀ।ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ‘ਚ ਕਿਹਾ ਕਿ “ਮੈਂ ਪੰਜਾਬ ਦੇ ਭਵਿੱਖ ਨਾਲ ਸਮਝੌਤਾ ਨਹੀਂ ਕਰ ਸਕਦਾ।” ਸਿੱਧੂ ਦੇ ਅਸਤੀਫ਼ੇ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫੇਰ ਹਲਚੱਲ ਪੈਦਾ ਹੋ ਗਈ ਹੈ।
ਹਾਲਾਂਕਿ ਸਿੱਧੂ ਨੇ ਕਿਹਾ ਹੈ ਕਿ ਉਹ ਕਾਂਗਰਸ ਵਿੱਚ ਹੀ ਰਹਿਣਗੇ। ਸਿੱਧੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਮੈਂਬਰ ਬਣੇ ਰਹਿਣਗੇ। ਅੱਜ ਪੰਜਾਬ ਦੇ ਨਵੇਂ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਹੋ ਗਈ ਹੈ। ਕੁਝ ਘੰਟਿਆਂ ਬਾਅਦ, ਸਿੱਧੂ ਨੇ ਆਪਣਾ ਅਸਤੀਫਾ ਸੋਨੀਆ ਗਾਂਧੀ ਨੂੰ ਭੇਜ ਦਿੱਤਾ। ਇਸ ਦੇ ਪਿੱਛੇ ਕੁਝ ਮਹੱਤਵਪੂਰਨ ਕਾਰਨ ਹਨ।
ਦਰਅਸਲ ਪਿਛਲੇ ਸਮੇਂ ਵਿੱਚ ਪੰਜਾਬ ਵਜ਼ਾਰਤ ਬਾਰੇ ਹੋਏ ਫੈਸਲਿਆਂ ਬਾਰੇ ਹਾਈਕਮਾਨ ਨੇ ਸਿੱਧੂ ਨੂੰ ਖਾਸ ਅਹਿਮੀਅਤ ਨਹੀਂ ਦਿੱਤੀ। ਇਸ ਕਰਕੇ ਸਿੱਧੂ ਨਾਰਾਜ਼ ਸੀ। ਜਦੋਂ ਪੰਜਾਬ ਵਿੱਚ ਮੰਤਰੀਆਂ ਦੇ ਨਾਵਾਂ ਦਾ ਫੈਸਲਾ ਕੀਤਾ ਗਿਆ ਸੀ ਤਾਂ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਤੋਂ ਕੋਈ ਸਲਾਹ ਨਹੀਂ ਸੀ।
ਰਾਹੁਲ ਨੇ ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸਲਾਹ ਕਰਕੇ ਕੀਤਾ ਸੀ। ਨਵਜੋਤ ਸਿੱਧੂ ਇਸ ਵਿੱਚ ਕਿਤੇ ਵੀ ਸ਼ਾਮਲ ਨਹੀਂ ਸਨ। ਉਨ੍ਹਾਂ ਨੂੰ ਪਹਿਲੇ ਦਿਨ ਦੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ, ਪਰ ਜਦੋਂ ਰਾਹੁਲ ਗਾਂਧੀ ਸ਼ਿਮਲਾ ਤੋਂ ਵਾਪਸ ਆਏ ਤਾਂ ਸਿੱਧੂ ਨੂੰ ਮੀਟਿੰਗ ਵਿੱਚ ਸ਼ਾਮਲ ਨਹੀਂ ਕੀਤਾ ਗਿਆ।