ਚੰਡੀਗੜ੍ਹ 26,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): : ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਜਿੱਥੇ ਵੱਖ -ਵੱਖ ਵਿਭਾਗਾਂ ਦੀ ਕਾਰਜਸ਼ੈਲੀ ‘ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਹੁਣ ਪੁਲਿਸ ਥਾਣਿਆਂ ਅੰਦਰ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਥਾਣਿਆਂ ਅੰਦਰ ਸ਼ਿਕਾਇਤਾਂ ਲੈ ਕੇ ਜਾਣ ਵਾਲੇ ਲੋਕਾਂ ਨੂੰ ਪੁਲਿਸ ਅਧਿਕਾਰੀਆਂ ਦੀ ਉਡੀਕ ਕਰਨੀ ਪੈਂਦੀ ਸੀ ਹੁਣ ਪੁਲਿਸ ਵਾਲੇ ਲੋਕਾਂ ਨੂੰ ਉਡੀਕ ਕਰ ਰਹੇ ਹਨ ਕਿ ਲੋਕ ਆਉਣ ਅਤੇ ਉਹ ਸ਼ਿਕਾਇਤਾਂ ਦਾ ਨਿਪਟਾਰਾ ਕਰਨ। ਖੰਨਾ ਦੇ ਵੱਖ -ਵੱਖ ਥਾਣਿਆਂ ‘ਚ ਐਸਐਸਪੀ ਜੇ. ਐਲਨਚੇਲੀਅਨ ਦੀਆਂ ਹਦਾਇਤਾਂ ਉਪਰ ਰਾਹਤ ਕੈਂਪ ਲਾ ਕੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਖੰਨਾ ਦੇ ਸਦਰ ਥਾਣਾ ਵਿਖੇ ਐਸਐਚਓ ਜਗਜੀਤ ਸਿੰਘ ਦੀ ਅਗਵਾਈ ਹੇਠ ਰਾਹਤ ਕੈਂਪ ਲਾਇਆ ਗਿਆ। ਇਸ ਕੈਂਪ ‘ਚ 72 ਪਿੰਡਾਂ ਦੇ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਆਏ। ਜ਼ਿਆਦਾਤਰ ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ‘ਤੇ ਕੀਤਾ ਗਿਆ। ਕੈਂਪ ‘ਚ ਆਏ ਲੋਕਾਂ ਨੂੰ ਪੁਲਿਸ ਵੱਲੋਂ ਚਾਹ ਪਾਣੀ ਵੀ ਪਿਲਾਇਆ ਗਿਆ। ਥਾਣਾ ਮੁਖੀ ਜਗਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਵੀਆਈਪੀ ਡਿਉਟੀ ਲੱਗਣ ਕਰਕੇ ਪੁਲਿਸ ਜ਼ਿਆਦਾਤਰ ਥਾਣਿਆਂ ਤੋਂ ਬਾਹਰ ਰਹਿੰਦੀ ਸੀ। ਹੁਣ ਸਰਕਾਰ ਬਦਲਣ ਨਾਲ ਫਰਕ ਪਿਆ ਹੈ। ਪੁਲਿਸ ਲੋਕਾਂ ਦੀ ਸੇਵਾ ਲਈ ਹਾਜ਼ਰ ਰਹੇਗੀ। ਰਿਸ਼ਵਤਖੋਰੀ ਨੂੰ ਲੈ ਕੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਨੰਬਰ ਜਾਰੀ ਕੀਤਾ ਹੈ ਉਹ ਸ਼ਲਾਘਾਯੋਗ ਹੈ। ਉਥੇ ਹੀ ਥਾਣੇ ਚ ਸ਼ਿਕਾਇਤਾਂ ਲੈ ਕੇ ਆਏ ਲੋਕਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਜਾ ਰਿਹਾ ਹੈ। ਇਹ ਬੜੀ ਰਾਹਤ ਦੀ ਗੱਲ ਹੈ।