ਮਾਨਸਾ, 2 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਡਾ. ਹਰਦੇਵ ਸਿੰਘ ਸਿਵਲ ਸਰਜਨ ਮਾਨਸਾ ਵੱਲੋਂ ਜ਼ਿਲੇ ਵਿੱਚ ਡੇਂਗੂ ਬੁਖ਼ਾਰ ਦੀ ਰੋਕਥਾਮ ਸਬੰਧੀ ਸਮੂਹ ਸਿਹਤ ਸੁਪਰਵਾਈਜ਼ਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡੇਂਗੂ ਬੁਖਾਰ ਬਾਰੇ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕਰਨ ਸਬੰਧੀ ਨੁਕਤੇ ਸਾਂਝੇ ਕੀਤੇ ਗਏ।
ਇਸ ਮੀਟਿੰਗ ਦੌਰਾਨ ਹੀ ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਦੇ ਨੁਮਾਇੰਦਿਆਂ ਨੇ ਸਿਹਤ ਕਰਮਚਾਰੀਆਂ ਨੂੰ ਕੰਮ ਦੌਰਾਨ ਆ ਰਹੀਆਂ ਮੁਸਕਲਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਨੂੰ ਪਾਣੀ ਦੇ ਸੈਂਪਲ ਭਰਨ ਮੌਕੇ ਲੋੜੀਂਦੇ ਸਮਾਨ ਦੀ ਕਮੀਂ ਹੋਣ ਕਾਰਨ ਬਹੁਤ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਸਿਵਲ ਸਰਜਨ ਸਾਹਿਬ ਨਾਲ ਗੱਲਬਾਤ ਕੀਤੀ ਗਈ। ਦੂਸਰਾ ਡੇਂਗੂ ਕੇਸ ਸਰਵੇ ਦੀ ਲਾਈਨ ਲਿਸਟ ਗੂਗਲ ਸ਼ੀਟ ਤੇ ਅਪਡੇਟ ਕਰਨ ਲਈ ਜ਼ਿਲ੍ਹਾ ਪੱਧਰ ਤੇ ਡਾਟਾ ਐਂਟਰੀ ਆਪਰੇਟਰ ਲਗਾਉਣ ਲਈ ਬੇਨਤੀ ਕੀਤੀ ਗਈ। ਤੀਸਰਾ ਤੰਬਾਕੂ ਨੋਸ਼ੀ ਦੇ ਚਲਾਨ ਕੱਟਣ ਲਈ ਜ਼ਿਲ੍ਹੇ ਵਿੱਚੋਂ ਸਿਹਤ ਸੁਪਰਵਾਈਜ਼ਰਾਂ ਦੀ ਰੋਟੇਸਨ ਵਾਇਜ਼ ਡਿਊਟੀ ਲਗਾਉਣ, ਡਿਊਟੀ ਲਈ ਵਹੀਕਲ ਦਾ ਪ੍ਰਬੰਧ ਕਰਨ ਅਤੇ ਨਾਲ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਉਣ ਲਈ ਵੀ ਕਿਹਾ ਗਿਆ। ਸਿਵਲ ਸਰਜਨ ਸਾਹਿਬ ਨੇ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸ੍ਰੀ ਸੰਤੋਸ਼ ਭਾਰਤੀ ਜ਼ਿਲ੍ਹਾ ਐਪੀਡੀਮੋਲੋਜਿਸਟ ਤੋਂ ਇਲਾਵਾ ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਦੇ ਨੁਮਾਇੰਦੇ ਹਰਪ੍ਰੀਤ ਸਿੰਘ, ਚਾਨਣ ਦੀਪ ਸਿੰਘ, ਜਗਦੀਸ਼ ਸਿੰਘ, ਭੋਲਾ ਸਿੰਘ, ਰਾਮ ਕੁਮਾਰ, ਸੰਜੀਵ ਕੁਮਾਰ, ਭੁਪਿੰਦਰ ਕੁਮਾਰ, ਗੁਰਜੰਟ ਸਿੰਘ, ਸੁਖਪਾਲ ਸਿੰਘ, ਜਰਨੈਲ ਸਿੰਘ, ਨਿਰਮਲ ਸਿੰਘ, ਲੀਲਾ ਰਾਮ ਆਦਿ ਹਾਜ਼ਰ ਸਨ।