*ਅਜ਼ਾਦੀ ਦਿਵਸ ਸਮਾਰੋਹ ਤੇ ਸਿਹਤ ਵਿਭਾਗ ਦੀ ਝਾਕੀ ਦੇ ਅੱਗੇ ਖ਼ੁਦ ਤਖ਼ਤੀ ਫ਼ੜ ਕੇ ਤੁਰੇ ਸਿਵਲ ਸਰਜਨ ਮਾਨਸਾ*

0
35

 ਮਾਨਸਾ, 16 ਅਗਸਤ  (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ) ਜੇਕਰ ਸੰਸਥਾ ਦਾ ਮੁਖੀ ਖੁਦ ਅੱਗੇ ਲੱਗ ਕੇ ਕੰਮ ਕਰਦਾ ਹੈ ਤਾਂ ਟੀਮ ਵਿੱਚ ਇੱਕ ਮਜ਼ਬੂਤ ਸਮਰਪਣ ਦੀ ਲਹਿਰ ਪੈਦਾ ਹੋ ਜਾਂਦੀ ਹੈ। ਮੁਖੀ ਦੇ ਇਸ ਤਰੀਕੇ ਨਾਲ ਟੀਮ ਮੈਂਬਰਾਂ ਨੂੰ ਇੱਕ ਪ੍ਰਬਲ ਉਦਾਹਰਨ ਮਿਲਦੀ ਹੈ ਜੋ ਉਨ੍ਹਾਂ ਨੂੰ ਪੂਰੀ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਤਰੀਕੇ ਨਾਲ ਟੀਮ ਦੀਆਂ ਉਮੀਦਾਂ ਵਧਦੀਆਂ ਹਨ ਅਤੇ ਕੰਮ ਦੇ ਮਾਹੌਲ ਵਿੱਚ ਸੰਚਾਰ, ਵਿਸ਼ਵਾਸ ਅਤੇ ਸਹਿਯੋਗ ਦੇ ਪੱਧਰ ਵਿੱਚ ਇੱਕ ਸਾਫ਼ ਸੁਧਾਰ ਦਿਖਾਈ ਦਿੰਦਾ ਹੈ। ਜਿਸ ਨਾਲ ਸੰਸਥਾ ਦੇ ਮੁੱਖ ਉਦੇਸ਼ ਦੀ ਪ੍ਰਾਪਤੀ ਹੋਰ ਬੇਹਤਰ ਢੰਗ ਨਾਲ ਸੰਭਵ ਹੋ ਜਾਂਦੀ ਹੈ। 

     ਇਸ ਗੱਲ ਦੀ ਉਦਾਹਰਣ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ 15 ਅਗਸਤ ਅਜ਼ਾਦੀ ਦਿਵਸ ਸਮਾਰੋਹ ਦੌਰਾਨ ਸਿਹਤ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਬੰਧੀ ਝਾਕੀ ਦੇ ਅੱਗੇ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੂੰ ਖ਼ੁਦ ਤਖ਼ਤੀ ਲੈ ਕੇ ਤੁਰਦਿਆਂ ਦੇਖਦਿਆਂ ਮਿਲੀ। ਜਿਨ੍ਹਾਂ ਨੇ ਸਟੇਜ ਤੇ ਕੁਰਸੀ ਤੇ ਬਿਰਾਜਮਾਨ ਹੋਣ ਦੀ ਜਗ੍ਹਾ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਆਪਣੀ ਟੀਮ ਦੀ ਅਗਵਾਈ ਕਰਨ ਨੂੰ ਤਰਜੀਹ ਦਿੱਤੀ। 

 ਇਸ ਬਾਰੇ ਪੱਤਰਕਾਰਾਂ ਦੇ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਡਾ. ਰਾਏ ਨੇ ਕਿਹਾ, “ਮੇਰੇ ਅਨੁਭਵ ਅਨੁਸਾਰ, ਟੀਮ ਦਾ ਨੇਤਾ ਜਾਂ ਮੁੱਖ ਅਫ਼ਸਰ ਹੋਣ ਦਾ ਮਤਲਬ ਸਿਰਫ਼ ਆਦੇਸ਼ ਦੇਣਾ ਨਹੀਂ ਹੈ, ਮੈਨੂੰ ਇਸ ਤੋਂ ਵੱਧ ਖੁਸ਼ੀ ਇਸ ਗੱਲ ਵਿੱਚ ਮਿਲਦੀ ਹੈ ਕਿ ਮੈਂ ਖੁਦ ਮੂਹਰੇ ਲੱਗ ਕੇ ਕੰਮ ਕਰਾਂ।”

  ਇਸ ਮੌਕੇ ਤੇ ਮੌਜੂਦ ਸਿਹਤ ਵਿਭਾਗ ਮਾਨਸਾ ਦੇ ਹੋਰਨਾਂ ਅਧਿਕਾਰੀਆਂ ਕਰਮਚਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡਾ. ਰਾਏ ਦੁਆਰਾ ਸਿਹਤ ਦੇ ਖੇਤਰ ਵਿੱਚ ਕੀਤੇ ਕੰਮਾਂ ਤੋਂ ਮਾਨਸਾ ਜ਼ਿਲ੍ਹਾ ਤਾਂ ਕਿ ਪੂਰਾ ਪੰਜਾਬ ਵਾਕਫ਼ ਹੈ। ਕਰੋਨਾ ਮਹਾਂਮਾਰੀ ਦੌਰਾਨ ਇਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਕੰਮ ਕੀਤਾ। ਕਰੋਨਾ ਮਹਾਂਮਾਰੀ ਵਿਚ ਸ਼ਲਾਘਾਯੋਗ ਕਾਰਜਾਂ ਸਦਕਾ ਡਾ. ਰਾਏ ਨੂੰ ‘ਡੀ.ਜੀ.ਪੀ. ਡਿਸਕ ਐਵਾਰਡ’ ਦਾ ਸਨਮਾਨ ਮਿਲ ਚੁੱਕਾ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਟੀ.ਬੀ. ਐਸੋਸੀਏਸ਼ਨ ਆਫ ਇੰਡੀਆ ਵੱਲੋਂ ਡਾ. ਐਸ.ਐਨ. ਤ੍ਰਿਪਾਠੀ ਮੈਮੋਰੀਅਲ ਅੋਰੇਸ਼ਨ ਐਵਾਰਡ ਤੋਂ ਇਲਾਵਾ ਕੋਵਿਡ-19 ਦੋਰਾਨ ਵਧੀਆ ਸੇਵਾਵਾਂ ਕਰਕੇ ਰੋਟਰੈਕਟ ਕਲੱਬ ਮਾਨਸਾ, ਆਈ.ਐਮ.ਏ. ਮਾਨਸਾ, ਰੋਟਰੀ ਕਲੱਬ ਮਾਨਸਾ, ਨੇਕੀ ਫਾਊਂਡੇਸ਼ਨ ਬੁਢਲਾਡਾ, ਪੀ ਕਲੱਬ ਮਾਨਸਾ ਅਤੇ ਜ਼ਿਲੇ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਵੱਡੀ ਗੱਲ ਇਹ ਹੈ ਕਿ ਕੋਵਿਡ-19 ਦੌਰਾਨ ਪੂਰੇ ਸਾਲ ਵਿੱਚ ਇਨ੍ਹਾਂ ਵੱਲੋਂ ਇੱਕ ਵੀ ਛੁੱਟੀ ਨਹੀ ਲਈ ਗਈ ਬਲਕਿ ਦਿਨ ਰਾਤ ‘ਮਿਸ਼ਨ ਫਤਿਹ’ ਤੇ ਡਟੇ ਰਹੇ। 

  ਇਸ ਮੌਕੇ ਡਾ. ਰਵਿੰਦਰ ਸਿੰਗਲਾ, ਡਾ. ਇੰਦੂ ਬਾਂਸਲ, ਡਾ. ਹਰਮਨਦੀਪ ਸਿੰਘ, ਚਾਨਣ ਦੀਪ ਸਿੰਘ, ਜਗਦੀਸ਼ ਰਾਏ, ਵਿਜੇ ਕੁਮਾਰ, ਦਰਸ਼ਨ ਸਿੰਘ, ਰਾਮ ਕੁਮਾਰ, ਮਨਦੀਪ ਕੌਰ ਆਦਿ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਤੋਂ ਇਲਾਵਾ ਮਾਲਵਾ ਨਰਸਿੰਗ ਕਾਲਜ ਖਿਆਲਾ ਦੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here