*ਭਾਕਿਯੂ (ਏਕਤਾ) ਡਕੌਂਦਾ ਧਨੇਰ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੀਤਾ ਰੋਸ ਵਿਖਾਵਾ*

0
36

ਮਾਨਸਾ 15 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਜਥੇਬੰਦੀ ਵੱਲੋਂ ਪੰਜਾਬ ਪੱਧਰ ਸੱਦੇ ਤਹਿਤ ਮਾਨਸਾ ਜ਼ਿਲ੍ਹੇ ਵਿੱਚ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ 15 ਅਗਸਤ ਦੇ ਆਜ਼ਾਦੀ ਦਿਵਸ ‘ਤੇ ਝੰਡਾ ਲਹਿਰਾਉਣ ਆਏ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਵਿਰੋਧ ਦੇ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਕਿਸਾਨ ਪਿੰਡ ਖਿਆਲਾ ਕਲਾਂ ਦੀ ਅਨਾਜ ਮੰਡੀ ਵਿੱਚ ਇਕੱਠੇ ਹੋਏ, ਜਿੱਥੇ ਭਾਰੀ ਪੁਲਿਸ ਫੋਰਸ ਵਲੋਂ ਉਹਨਾਂ ਨੂੰ ਰੋਕ ਲਿਆ ਗਿਆ ਤਾਂ ਕਿਸਾਨਾਂ ਨੇ ਮਾਨਸਾ ਕੈਂਚੀਆਂ ਤੱਕ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਪੈਦਲ ਮਾਰਚ ਕੀਤਾ ਅਤੇ ਚੌਂਕ ਵਿੱਚ ਖੜ੍ਹਕੇ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਮੰਗ ਕਰ ਰਹੇ ਸਨ ਕਿ ਪਿੰਡ ਕੁਲਰੀਆਂ ਦੇ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ ਅਤੇ ਸਿਆਸੀ ਛੱਤਰੀ ਹੇਠ ਪਲ਼ ਰਹੀ ਗੁੰਡਾ ਢਾਣੀ ਨੂੰ ਗ੍ਰਿਫਤਾਰ ਕੀਤਾ ਜਾਵੇ । ਜ਼ਿਕਰਯੋਗ ਹੈ ਕਿ ਪਿਛਲੇ ਡੇਢ ਸਾਲ ਤੋਂ ਜਥੇਬੰਦੀ ਕੁਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਦੇ ਉੱਤੇ ਪੰਚਾਇਤੀ ਵਿਭਾਗ ਅਤੇ ਸਰਕਾਰ ਵੱਲੋਂ ਕੀਤੇ ਹੋਏ ਹਮਲੇ ਦਾ ਵਿਰੋਧ ਕਰ ਰਹੀ ਹੈ। ਨਾਲ ਹੀ ਜ਼ਮੀਨ ਉੱਤੇ ਜੋ ਪਿਛਲੇ 60-65 ਸਾਲ ਤੋਂ ਕਾਬਜ਼ ਅਤੇ ਕਾਸ਼ਤਕਾਰ ਹਨ, ਉਹਨਾਂ ਨੂੰ ਜ਼ਮੀਨ ਤੋਂ ਜੋ ਬੇਦਖਲ ਕੀਤਾ ਜਾ ਰਿਹਾ ਹੈ, ਉਸਨੂੰ ਬੰਦ ਕਰਨ ਲਈ ਜਥੇਬੰਦੀ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਕੁੱਝ ਪੁਸ਼ਤ ਪਨਾਹੀ ਵਾਲੇ ਗੁੰਡਾ ਗਰੋਹ ਵੱਲੋਂ ਕਿਸਾਨਾਂ ਦੇ ਉੱਤੇ ਵਾਰ ਵਾਰ ਹਮਲੇ ਵੀ ਕੀਤੇ ਗਏ । ਜਿਸ ਦੇ ਕਾਰਨ ਉਸ ਗੁੰਡਾ ਢਾਣੀ ਦੇ ਉੱਤੇ 307 ਦਾ ਪਰਚਾ ਦਰਜ ਕੀਤਾ ਹੋਇਆ ਹੈ ਪ੍ਰੰਤੂ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ । ਉਨ੍ਹਾਂ ਬੋਲਦਿਆਂ ਕਿਹਾ ਕਿ ਹਲਕਾ ਬੁਢਲਾਡਾ ਦੇ ਐਮਐਲਏ ਬੁੱਧਰਾਮ ਵੱਲੋਂ ਗੁੰਡਾਗਰੋਹ ਅਤੇ ਉਸਦੀ ਢਾਣੀ ਦੀ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ ਅਤੇ ਉਲਟਾ ਕਿਸਾਨਾਂ ਦੇ ਉੱਤੇ ਝੂਠੇ ਕੇਸ ਪਾਏ ਜਾ ਰਹੇ ਹਨ । 

                 ਅੱਜ ਪੰਜਾਬ ਪੱਧਰ ਦੇ ਸੱਦੇ ਉੱਤੇ ਸਾਰੇ ਜਿਲ੍ਹਿਆਂ ਦੇ ਵਿੱਚ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਨੂੰ ਲਾਗੂ ਕਰਦਿਆਂ ਭਾਕਿਯੂ (ਏਕਤਾ) ਡਕੌਂਦਾ ਧਨੇਰ ਵੱਲੋਂ ਇਹ ਅਹਿਦ ਕੀਤਾ ਗਿਆ ਕਿ ਜਦੋਂ ਤੱਕ ਵੀ ਸੰਘਰਸ਼ ਲੜਨਾ ਪਿਆ ਲੜਿਆ ਜਾਵੇਗਾ ਅਤੇ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਬਾਇਆ ਜਾਵੇਗਾ । ਨਾਲ ਹੀ ਕਿਸੇ ਵੀ ਕਿਸਾਨ ਨੂੰ ਜ਼ਮੀਨ ਤੋਂ ਬੇਦਖਲ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਦੇ ਰੋਸ ਮੁਜ਼ਾਰੇ ਨੂੰ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ ਸਮੇਤ ਜਿਲ੍ਹਾ ਕਮੇਟੀ ਦੇ ਲਖਵੀਰ ਸਿੰਘ ਅਕਲੀਆ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਹਰਬੰਸ ਸਿੰਘ ਟਾਡੀਆਂ, ਜਗਦੇਵ ਸਿੰਘ ਕੋਟਲੀ, ਬਲਵਿੰਦਰ ਸ਼ਰਮਾ, ਗੁਰਚਰਨ ਸਿੰਘ ਅਲੀਸ਼ੇਰ ਕਲਾਂ, ਬਲਜੀਤ ਸਿੰਘ ਭੈਣੀ ਬਾਘਾ, ਤੇਜ ਰਾਮ ਅਹਿਮਦਪੁਰ, ਜਗਜੀਵਨ ਸਿੰਘ ਹਸਨਪੁਰ, ਜਸਬੀਰ ਸਿੰਘ ਵਸੀਰਾ, ਕਾਲਾ ਸਿੰਘ ਅਕਲੀਆ, ਬਲਜਿੰਦਰ ਸਿੰਘ ਚਹਿਲਾਂਵਾਲੀ, ਵਰਿਆਮ ਸਿੰਘ ਖਿਆਲਾ ਨੇ ਸੰਬੋਧਨ ਕੀਤਾ ।

LEAVE A REPLY

Please enter your comment!
Please enter your name here