ਮਾਨਸਾ, 26 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਕੰਪਿਊਟਰ ਅਧਿਆਪਕਾ ਨਵਜੋਤ ਕੌਰ ਸਰਕਾਰੀ ਹਾਈ ਸਮਾਰਟ ਸਕੂਲ ਘਨੌਰ ਕਲਾਂ ਵੱਲੋਂ ਤਿਆਰ ਕੀਤੀ ਡਿਜੀਟਲ ਡਿਕਸ਼ਨਰੀ ਐਪ ਪੰਜਾਬ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਹੀ ਹੈ। ਵਿਦਿਆਰਥੀ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਹੋ ਕੇ ਸਮੇਂ ਦੇ ਹਾਣੀ ਬਣ ਰਹੇ ਨੇ।
ਕੰਪਿਊਟਰ ਅਧਿਆਪਕਾ ਨਵਜੋਤ ਕੌਰ ਵੱਲੋਂ ਕੁਝ ਮਹੀਨੇ ਪਹਿਲਾਂ ਤਿਆਰ ਕੀਤੀ ਇਸ ਐਪ ਨੂੰ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਐਪ ਵਿੱਚ ਕੰਪਿਊਟਰ ਟਰਮੀਨੋਲੋਜੀ ਦੇ ਜਮਾਤ ਛੇਵੀਂ ਤੋਂ 12ਵੀਂ ਦੇ ਸਲੇਬਸ ਵਿੱਚੋਂ ਕੁੱਲ 500 ਸ਼ਬਦ ਇਕੱਠੇ ਕੀਤੇ ਗਏ ਹਨ ਜਿੰਨਾਂ ਵਿੱਚੋਂ 232 ਦੇ ਕਰੀਬ ਐੱਪ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸ਼ਾਮਿਲ ਕਰਕੇ ਸਬੰਧਤ ਸ਼ਬਦ ਦੀ ਤਸਵੀਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਸਲੇਬਸ ਕਵਰ ਕਰਨ ਦੇ ਨਾਲ ਨਾਲ ਵਿਦਿਆਰਥੀ ਹਰ ਤਰਾਂ ਦੇ ਕੰਪਿਊਟਰ ਵਿਸ਼ੇ ਨਾਲ ਸੰਬੰਧਤ ਸ਼ਬਦਾਂ ਦੇ ਸਹੀ ਅਰਥਾਂ ਤੋਂ ਜਾਣੂ ਹੋ ਸਕੇ। ਅਧਿਆਪਕਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਵਿਦਿਆਰਥੀ ਅਗਲੀ ਜਮਾਤ ਵਿੱਚ ਜਾਂਦੇ ਹੋਲੀ ਹੋਲੀ ਕਈ ਬੇਸਿਕ ਸ਼ਬਦਾਂ ਨੂੰ ਵੀ ਭੁੱਲ ਜਾਂਦੇ ਹਨ ਜਾਂ ਅਨਜਾਣ ਰਹਿ ਜਾਂਦੇ ਹਨ,ਪਰ ਉਹ ਇਸ ਐਪ ਰਾਹੀਂ ਉਨ੍ਹਾਂ ਸ਼ਬਦਾਂ ਤੋਂ ਮੁੜ ਪਰਪੱਕ ਹੋ ਜਾਂਦੇ ਹਨ,ਕਿਉਂਕਿ ਕੰਪਿਊਟਰ ਇੱਕ ਪ੍ਰੈਕਟੀਕਲ ਅਤੇ ਅਡਵਾਂਸ ਵਿਸ਼ਾ ਹੈ,ਤਾਂ ਇਹ ਯਕੀਨੀ ਹੁੰਦਾ ਹੈ ਕਿ ਇਸ ਵਿੱਚ ਬੱਚਾ ਹਰ ਜਮਾਤ ਵਿੱਚ ਨਵੇਂ ਤੇ ਅਡਵਾਂਸ ਸ਼ਬਦਾਂ ਤੋਂ ਜਾਣੂ ਹੁੰਦਾ ਹੈ, ਵਿਦਿਆਰਥੀ ਨੂੰ ਅਜਿਹੇ ਸ਼ਬਦਾਂ ਨਾਲ ਫੈਮਲੀਅਰ ਰਹਿਣ ਤੇ ਸਹੀ ਪਹਿਚਾਣ ਕਰਨ ਵਿੱਚ ਇਹ ਐਪ ਬਹੁਤ ਲਾਹੇਵੰਦ ਸਿੱਧ ਹੋਈ ਹੈ। ਡਿਜੀਟਲ ਐਜੂਕੇਸ਼ਨ ਦੇ ਇਸ ਯੁੱਗ ਵਿੱਚ ਇਸ ਨੂੰ ਹਰ ਅਨਲਾਈਨ ਪਲੇਟਫਾਰਮ ਤੇ ਵਰਤੇ ਜਾਣ ਦੀ ਸੁਵਿਧਾ ਨੇ ਵਿਦਿਆਰਥੀਆਂ ਦੇ ਰਾਹ ਹੋਰ ਵੀ ਆਸਾਨ ਕਰ ਦਿਤੇ ਹਨ।
ਡਿਪਟੀ ਡੀ ਈ ਓ ਪ੍ਰੀਤਇੰਦਰ ਘਈ ਨੇ ਇਸ ਗੱਲ ‘ਤੇ ਮਾਣ ਮਹਿਸੂਸ ਕੀਤਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਹੁਣ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਨਵੀਆਂ ਤਕਨੀਕਾਂ ਨਾਲ ਨਵੇਂ ਨਵੇਂ ਉਪਰਾਲੇ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਨਵੀਆਂ ਤਕਨੀਕਾਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਂਦੀਆਂ ਹਨ।
ਸੁਖਦੀਪ ਸਿੰਘ ਬੀ.ਐਨ.ੳ ਧੂਰੀ ਬਲਾਕ,ਜਸਵੀਰ ਸਿੰਘ ਡੀ ਐਨ ਕੰਪਿਊਟਰ ਸਾਇੰਸ,ਜਗਤਾਰ ਸਿੰਘ ਬੀ.ਐਮ ਕੰਪਿਊਟਰ ਸਾਇੰਸ ਸਸਸਸ ਚੰਨੋ ਦਾ ਕਹਿਣਾ ਸੀ ਵਿਦਿਆਰਥੀਆਂ ਵਿੱਚ ਕਮਾਲ ਦੀ ਪ੍ਰਤਿਭਾ ਹੈ, ਉਨ੍ਹਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਧਿਆਪਕਾਂ ਦੀ ਲੋੜ ਹੈ।