ਮਾਨਸਾ 17 ਜੁਲਾਈ(ਸਾਰਾ ਯਹਾਂ/ਵਿਨਾਇਕ ਸ਼ਰਮਾ)ਸ਼ਹਿਰ ਦੇ ਐਸਐਸਪੀ ਨਾਨਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀਏਵੀ ਸਕੂਲ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸੁਰੇਸ਼ ਕੁਮਾਰ ਵੱਲੋਂ ਸਕੂਲ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਤਹਿਤ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਡਰਾਈਵਿੰਗ ਦੀ ਸਖਤ ਮਨਾਹੀ ਹੈ ਅਤੇ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ ਸਖਤ ਜੁਰਮਾਨਾ ਭਰਨਾ ਪਵੇਗਾ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਫਰਿਸ਼ਤਾ ਸਕੀਮ ਤਹਿਤ ਜੇਕਰ ਕੋਈ ਵਿਅਕਤੀ ਸੜਕ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕਰਦਾ ਹੈ ਤਾਂ ਉਸ ਨੂੰ 2000 ਰੁਪਏ ਦਾ ਨਕਦ ਇਨਾਮ, ਸਨਮਾਨ ਪੱਤਰ ਅਤੇ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੇ ਮੌਕੇ ਤੇ ਸਨਮਾਨਿਤ ਕੀਤਾ ਜਾਵੇਗਾ। ਪਹਿਲਾਂ ਚਾਰ ਪਹੀਆ ਵਾਹਨਾਂ ‘ਚ ਅਗਲੀ ਸੀਟ ‘ਤੇ ਬੈਠੇ ਲੋਕਾਂ ਲਈ ਸੀਟ ਬੈਲਟ ਲਗਾਉਣੀ ਲਾਜ਼ਮੀ ਸੀ, ਪਰ ਹੁਣ ਪਿਛਲੀ ਸੀਟ ‘ਤੇ ਬੈਠੇ ਲੋਕਾਂ ਲਈ ਵੀ ਸੀਟ ਬੈਲਟ ਲਗਾਉਣੀ ਲਾਜ਼ਮੀ ਹੈ। ਦੋ ਪਹੀਆ ਵਾਹਨਾਂ ‘ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਹੈਲਮੇਟ ਪਾਉਣ ਅਤੇ ਰੀਅਰ ਵਿਊ ਮਿਰਰ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਪਾਲਣ ਕਰੀਏ ਤਾਂ ਅਸੀਂ ਸੜਕ ਹਾਦਸਿਆਂ ਨੂੰ ਹੱਲ ਕਰਨ ਵਿੱਚ ਵੱਡੀ ਤਬਦੀਲੀ ਲਿਆ ਸਕਦੇ ਹਾਂ।
ਬੱਚਿਆਂ ਨੂੰ *ਰਾਈਟਸ ਆਫ ਵੇਅ* ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਅਹਿਮ ਸੈਮੀਨਾਰ ਲਈ ਐਜੂਕੇਸ਼ਨ ਸੈੱਲ ਇੰਚਾਰਜ ਸੁਰੇਸ਼ ਕੁਮਾਰ ਦਾ ਸਕੂਲ ਪਿ੍ੰਸੀਪਲ ਸ੍ਰੀ ਵਿਨੋਦ ਰਾਣਾ ਵੱਲੋਂ ਧੰਨਵਾਦ ਕੀਤਾ ਗਿਆ |