*ਰਾਸ਼ਟਰੀ ਦਸਤ ਰੋਕੂ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ*

0
20

ਮਾਨਸਾ , 15 ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਸਿਵਲ ਸਰਜਨ ਡਾ. ਹਰਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਇੰਦੂ ਬਾਂਸਲ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਖਿਆਲਾ ਕਲਾਂ ਦੀ ਯੋਗ ਅਗਵਾਈ ਹੇਠ ਸਿਹਤ ਕੇਂਦਰ ਨੰਗਲ ਕਲਾਂ ਦੀ ਸਿਹਤ ਟੀਮ ਨੇ ਸਰਕਾਰੀ ਮਿਡਲ ਸਕੂਲ ਹੀਰੇਵਾਲਾ ਅਤੇ ਬਾਬਾ ਜੀਵਨ ਸਿੰਘ ਧਰਮਸ਼ਾਲਾ ਹੀਰੇਵਾਲਾ ਵਿਖੇ ਰਾਸ਼ਟਰੀ ਦਸਤ ਰੋਕੂ ਮੁਹਿੰਮ ਤਹਿਤ ਦਸਤ ਤੋਂ ਬਚਾਅ ਲਈ ਬੱਚਿਆਂ ਨੂੰ ਓਆਰਐੱਸ ਘੋਲ ਪਿਲਾਉਣ ਤੇ ਜਿੰਕ ਦੀਆਂ ਗੋਲੀਆਂ ਖਵਾਉਣ ਲਈ ਜਾਗਰੂਕ ਕੀਤਾ ਗਿਆ। ਮੁਹਿੰਮ ਦੌਰਾਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਓ ਆਰ ਐੱਸ ਦੇ ਦੋ-ਦੋ ਪੈਕਟ ਤੇ ਜਿੰਕ ਦੀਆਂ ਗੋਲੀਆਂ ਵੰਡੀਆਂ ਗਈਆਂ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਘਰ ਵਿੱਚ ਓਆਰਐੱਸ ਘੋਲ ਤਿਆਰ ਕਰਨ ਦੀ ਵਿਧੀ ਵੀ ਸਿਖਾਈ ਗਈ। ਸਿਹਤ ਕਰਮਚਾਰੀ ਚਾਨਣ ਦੀਪ ਸਿੰਘ, ਰਮਨਦੀਪ ਕੌਰ ਏ ਐੱਨ ਐੱਮ ਸਮੇਤ ਸਮੁੱਚੀ ਸਿਹਤ ਟੀਮ ਨੇ ਆਮ ਲੋਕਾਂ ਨੂੰ ਸਿਹਤ ਸਿੱਖਿਆ ਦਿੱਤੀ ਕਿ ਡਾਇਰੀਆ ਨੂੰ ਡੀਹਾਈਡ੍ਰੇਸ਼ਨ ਵਿਚ ਨਾ ਬਦਲਣ ਦਿੱਤਾ ਜਾਵੇ। ਦਸਤ ਤੋਂ ਬਚਾਅ ਲਈ ਪ੍ਰਭਾਵਿਤ ਬੱਚਿਆਂ ਨੂੰ ਓਆਰਐੱਸ ਘੋਲ ਪਿਆਉਣ ਤੇ ਜਿੰਕ ਦੀਆਂ ਗੋਲੀਆਂ ਦੀ ਸ਼ਕਤੀ ਦੇਣਾ ਜ਼ਰੂਰੀ ਹੈ, ਜੋ ਕਿ ਦਸਤ ਦੀ ਰੋਕਥਾਮ ਲਈ ਬਹੁਤ ਲਾਭਦਾਇਕ ਹਨ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਡਾਇਰੀਆ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਜ਼ੀਰੋ ’ਤੇ ਲਿਆਉਣਾ ਹੈ। 1 ਜੁਲਾਈ ਤੋਂ ‘ਰਾਸ਼ਟਰੀ ਦਸਤ ਰੋਕੂ ਮੁਹਿੰਮ’ ਚਲਾਈ ਜਾ ਰਹੀ ਹੈ ਜੋ ਕਿ 31 ਅਗਸਤ 2024 ਤਕ ਜਾਰੀ ਰਹੇਗੀ। ਉਨ੍ਹਾਂ ਅੱਗੇ ਦੱਸਿਆ ਕਿ ਦਸਤ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਿਹਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਡੇ ਦੇਸ਼ ਵਿਚ ਹਰ ਸਾਲ ਲੱਖਾਂ ਬੱਚਿਆਂ ਦੀ ਦਸਤ ਕਾਰਨ ਮੌਤ ਹੋ ਜਾਂਦੀ ਹੈ। ਇਹ ਵੀ ਵੇਖਿਆ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਸਾਲ ਵਿਚ ਘੱਟੋ ਘੱਟ 2-3 ਵਾਰ ਦਸਤ ਤੋਂ ਪੀੜਤ ਦੀ ਸੰਭਾਵਨਾ ਹੁੰਦੀ ਹੈ। ਅਸੀਂ ਰਾਸ਼ਟਰੀ ਦਸਤ ਰੋਕੂ ਮੁਹਿੰਮ ਤਹਿਤ ਜਾਗਰੂਕਤਾ ਫੈਲਾ ਕੇ ਦਸਤ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾ ਸਕਦੇ ਹਾਂ। ਇਸ ਮੌਕੇ ਸਕੂਲ ਮੁਖੀ ਸੁਖਵਿੰਦਰ ਸਿੰਘ ਕਾਕਾ , ਅਧਿਆਪਕ ਸਾਹਿਬਾਨ, ਅਮਰਜੀਤ ਕੌਰ ਆਸ਼ਾ, ਬਲਜੀਤ ਕੌਰ ਆਸ਼ਾ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here