*ਨਸ਼ਿਆ ਖਿਲਾਫ ਲੋਕ ਲਹਿਰ ਬਨਾਉਣ ਲਈ ਪੁਲਿਸ ਸੱਥਾ ਬਾਜਾਰਾਂ ਤੱਕ ਪਹੁੰਚ ਕੇ ਸਹਿਯੋਗ ਮੰਗਣ ਲੱਗੀ—ਡੀ ਐਸ ਪੀ*

0
211

ਬੁਢਲਾਡਾ 7 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) ਨਸ਼ਿਆ ਖਿਲਾਫ ਲੋਕ ਲਹਿਰ ਬਨਾਉਣ ਲਈ ਪੁਲਿਸ ਸੱਥਾਂ, ਬਾਜਾਰਾਂ ਮੁਹੱਲਿਆ ਤੱਕ ਪਹੁੰਚ ਕਰਕੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਜਾਗਰੂਕ ਕਰਨ ਲੱਗੀ। ਜਿਸ ਤਹਿਤ ਅੱਜ ਡੀ ਐਸ ਪੀ ਬੁਢਲਾਡਾ ਮਨਜੀਤ ਸਿੰਘ ਔਲਖ ਨੇ ਸਥਾਨਕ ਅਨਾਜ ਮੰਡੀ ਵਿੱਚ ਆੜ੍ਹਤੀਆਂ, ਪੱਲੇਦਾਰਾਂ ਅਤੇ ਮਜਦੂਰਾਂ ਨੂੰ ਇਕੱਠੇ ਕਰਕੇ ਨਸ਼ੇ ਖਿਲਾਫ ਇੱਕਮੁੱਠ ਹੋਣ ਦਾ ਸੱਦਾ ਦਿੱਤਾ। ਉਨ੍ਹਾ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਇਸ ਦਲ ਦਲ ਵਿੱਚੋਂ ਕੱਢਣ ਲਈ ਹਰ ਨਾਗਰਿਕ ਦਾ ਨੈਤਿਕ ਫਰਜ ਬਣਦਾ ਹੈ ਕਿ ਉਹ ਨਸ਼ੇ ਚ ਗੁਲਤਾਨ ਹੋਈ ਜਵਾਨੀ ਨੂੰ ਬਚਾਉਣ ਲਈ ਅੱਗੇ ਆਉਣ। ਉਨ੍ਹਾ ਕਿਹਾ ਕਿ ਨਸ਼ਾ ਇੱਕ ਉਹ ਕੋਹੜ ਹੈ ਜੋ ਵਿਅਕਤੀ ਦਾ ਸ਼ਰੀਰਕ ਅਤੇ ਆਰਥਿਕ ਤੌਰ ਤੇ ਕਮਜੋਰ ਕਰ ਦਿੰਦਾ ਹੈ ਉਥੇ ਸਮਾਜਿਕ ਤੌਰ ਤੇ ਵੀ ਉਸ ਤੋਂ ਘਿਰਣਾ ਕੀਤੀ ਜਾਂਦੀ ਹੈ। ਉਨ੍ਹਾ ਕਿਹਾ ਕਿ ਆਓ ਅਸੀਂ ਰੱਲ ਕੇ ਇਸ ਕੋਹੜ ਦੇ ਖਾਤਮੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਗੌਰਵ ਯਾਦਵ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਦਾ ਸਮਰਥਨ ਕਰੀਏ। ਉਨ੍ਹਾਂ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੀ ਤੁਰੰਤ ਇਤਲਾਹ ਪੁਲਿਸ ਨੂੰ ਦੇਣ। ਉਨ੍ਹਾ ਇਹ ਵੀ ਕਹੇ ਨਸ਼ਾ ਕਰ ਰਹੇ ਨੌਜਵਾਨਾਂ ਨੂੰ ਵੀ ਖੇਡ ਸਟੇਡੀਅਮ ਅਤੇ ਕੰਮ ਧੰਦਿਆਂ ਨਾਲ ਜੋੜ ਕੇ ਵਿਅਸਥ ਰੱਖਣ। ਉਥੇ ਮਾਪੇ ਆਪਣੇ ਬੱਚਿਆਂ ਦੀਆਂ ਗਤੀਵਿਧੀਆ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਨੂੰ ਨਸ਼ਾ ਮੁਕਤ ਬਨਾਉਣ ਲਈ ਐਸ ਐਸ ਪੀ ਡਾ. ਨਾਨਕ ਸਿੰਘ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਨੌਜਵਾਨਾਂ ਨੂੰ ਪਿੰਡ ਪਿੰਡ ਖੇਡ ਸਟੇਡੀਅਮ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ ਨਹੀਂ ਤਾਂ ਉਨ੍ਹਾਂ ਦੀਆਂ ਜਾਇਦਾਦਾਂ ਜਬਤ ਕਰਨ ਲਈ ਵੀ ਪੁਲਿਸ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਬੁਢਲਾਡਾ ਹਲਕੇ ਅੰਦਰ ਕੁਝ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਕਬਜੇ ਚ ਲੈਣ ਲਈ ਕਾਨੂੰਨੀ ਪ੍ਰਤੀਕਿਰਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਤੇ ਐਸ ਐਚ ਓ ਸਿਟੀ ਭਗਵੰਤ ਸਿੰਘ, ਸਹਾਇਕ ਥਾਣੇਦਾਰ ਅਮਰੀਕ ਸਿੰਘ, ਸਾਬਕਾ ਕੌਂਸਲਰ ਵੇਦ ਪ੍ਰਕਾਸ਼, ਰਾਜ ਕੁਮਾਰ ਰਾਜੀ, ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਬਾਂਕੇ ਬਿਹਾਰੀ, ਭੂਸ਼ਣ ਕੁਮਾਰ ਭੁਰੀਆ ਤੋਂ ਇਲਾਵਾ ਗੱਲਾ ਮਜਦੂਰ ਯੂਨੀਅਨ ਦੇ ਮੈਂਬਰ ਵੀ  ਹਾਜਰ ਸਨ। 

LEAVE A REPLY

Please enter your comment!
Please enter your name here