*ਆਪਣਾ ਚੰਗਾ ਭਵਿੱਖ ਬਣਾਉਣ ਲਈ ਗਈ ਕਨੇਡਾ ਬੇਅੰਤ ਕੌਰ ਦੀ ਹੋਈ ਦਿਲ ਦੇ ਦੌਰੇ ਨਾਲ ਮੌਤ*

0
105

ਮਾਨਸਾ, 06 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਆਪਣੇ ਚੰਗੇ ਭਵਿੱਖ ਲਈ ਪੰਜਾਬ ਦੇ ਨੌਜਵਾਨ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਰਹੇ ਹਨ, ਦੂਸਰੇ ਪਾਸੇ ਹਰ ਰੋਜ਼ ਕੋਈ ਨਾ ਕੋਈ ਮੰਦਭਾਗੀ ਖਬਰ ਸੁਣਨ ਅਤੇ ਪੜਨ ਨੂੰ ਮਿਲ ਰਹੀ ਹੈ, ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਵਰ੍ਹੇ ਦੇ ਦੋ ਏਕੜ ਜ਼ਮੀਨ ਦੇ ਮਾਲਕ ਗਰੀਬ ਕਿਸਾਨ ਮਿੱਠੂ ਸਿੰਘ ਨੇ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ ਆਪਣੀ ਧੀ ਨੂੰ ਦੋ ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ। ਹੁਣ ਪਰਿਵਾਰ ਨੂੰ ਕੈਨੇਡਾ ਤੋਂ ਮੰਦਭਾਗੀ ਖਬਰ ਆਈ ਹੈ ਕਿ ਧੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।

ਉਸ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਦਾ ਖਰਚਾ ਨਾ ਹੋਣ ਦੇ ਕਾਰਨ ਘਰ ਦੇ ਵਿੱਚ ਪਰਿਵਾਰ ਮਾਯੂਸ ਬੈਠਾ ਹੈ। ਪੀੜਤ ਪਿਤਾ ਮਿੱਠੂ ਸਿੰਘ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਧੀ ਬੇਅੰਤ ਕੌਰ (25) ਨੂੰ 31 ਮਾਰਚ 2024 ਨੂੰ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ 26 ਲੱਖ ਰੁਪਏ ਖਰਚ ਕਰਕੇ ਕੈਨੇਡਾ ਭੇਜਿਆ ਸੀ ਤਾਂ ਕਿ ਉਨ੍ਹਾਂ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਦੇ ਨਾਲ ਘਰ ਦੇ ਹਾਲਾਤ ਸੁਧਰ ਸਕਣ ਪਰ ਹੁਣ ਉਨ੍ਹਾਂ ਨੂੰ ਕੈਨੇਡਾ ਤੋਂ ਫੋਨ ਆਇਆ ਹੈ ਕਿ ਉਨ੍ਹਾਂ ਦੀ ਧੀ ਬੇਅੰਤ ਕੌਰ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਲਾਸ਼ ਲਿਆਉਣ ਲਈ 35 ਲੱਖ ਰੁਪਏ ਦੇ ਕਰੀਬ ਖ਼ਰਚਾ ਆਵੇਗਾ ਜੋ ਕਿ ਉਨ੍ਹਾਂ ਕੋਲ ਇੰਨਾ ਪੈਸਾ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਕਈ ਸਿਆਸੀ ਆਗੂਆਂ ਕੋਲ ਪਹੁੰਚ ਕੀਤੀ ਹੈ ਪਰ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਦੀ ਧੀ ਦੀ ਲਾਸ਼ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਆਪਣੀ ਧੀ ਦਾ ਆਖਰੀ ਵਾਰ ਮੂੰਹ ਦੇਖ ਸਕਣ ਉਥੇ ਹੀ ਮ੍ਰਿਤਕ ਬੇਅੰਤ ਕੌਰ ਦੀ ਮਾਤਾ ਜਸਵਿੰਦਰ ਕੌਰ ਨੇ ਵੀ ਭਾਵੁਕ ਹੁੰਦਿਆਂ ਕਿਹਾ ਕਿ ਜਿਸ ਧੀ ਨੂੰ ਡੋਲੀ ਵਿੱਚ ਚਾਈ ਚਾਈ ਬਿਠਾਉਣਾ ਸੀ ਉਸਦੀ ਅਰਥੀ ਦੇਖਣ ਨੂੰ ਮਿਲੀ।

ਉਸ ਧੀ ਨੇ ਸਾਡੇ ਘਰ ਦੇ ਹਾਲਾਤ ਬਦਲਣ ਦੇ ਸੁਪਨੇ ਦਿਖਾਏ ਸੀ ਪਰ ਅੱਜ ਉਹ ਸੁਪਨੇ ਚਕਨਾਚੂਰ ਹੋ ਗਏ ਹਨ। ਹੁਣ ਧੀ ਦੀ ਲਾਸ਼ ਨੂੰ ਘਰ ਲਿਆਉਣ ਲਈ ਉਨ੍ਹਾਂ ਕੋਲ ਪੈਸਾ ਨਹੀਂ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਉਨ੍ਹਾਂ ਦੀ ਧੀ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਆਖਰੀ ਵਾਰ ਆਪਣੀ ਧੀ ਦਾ ਮੂੰਹ ਦੇਖ ਸਕਣ।

LEAVE A REPLY

Please enter your comment!
Please enter your name here