*ਭਾਜਪਾ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਰੱਖਿਆ ਮੰਤਰੀ*

0
20

ਕੁਰਾਲੀ 28 ਮਈ (ਸਾਰਾ ਯਹਾਂ/ਮੁੱਖ ਸੰਪਾਦਕ)ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਮੰਗਲਵਾਰ ਨੂੰ ਕੁਰਾਲੀ ਦੇ ਦੁਸਹਿਰਾ ਗਰਾਊਂਡ ਵਿੱਚ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਦੇਸ਼ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਰੈਲੀ ਦੌਰਾਨ ਰਾਜਨਾਥ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਜਮਕਰ ਨਿਸ਼ਾਨਾ ਸਾਧਿਆ।

ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਮੋਦੀ ਲਹਿਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਯੋਗ ਅਤੇ ਮਜ਼ਬੂਤ ਅਗਵਾਈ ਸਦਕਾ ਪੰਜਾਬ ਅਤੇ ਦੇਸ਼ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਭਾਰਤ ਅੱਜ ਦੁਨੀਆ ਵਿੱਚ ਉਸ ਮੁਕਾਮ ‘ਤੇ ਹੈ, ਜਿੱਥੇ ਸਾਰੇ ਦੇਸ਼ ਸਾਨੂੰ ਇੱਜ਼ਤ ਨਾਲ ਦੇਖਦੇ ਹਨ ਅਤੇ ਸਾਡੇ ਦੁਸ਼ਮਣ ਸਾਡੇ ਦੇਸ਼ ਵੱਲ ਦੇਖਣ ਦੀ ਹਿੰਮਤ ਨਹੀਂ ਕਰਦੇ। ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਚਿੰਤਾ ਨਾ ਕਰੋ, ਬਹੁਤ ਜਲਦੀ ਪੀਓਕੇ ਨੂੰ ਵੀ ਵਾਪਸ ਲਿਆਂਦਾ ਜਾਵੇਗਾ। ਸਿੰਘ ਨੇ ਕਿਹਾ, ਭਾਰਤ ਦੀ ਤਾਕਤ, ਸ਼ਾਨ ਅਤੇ ਸਾਡੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ। ਹੁਣ ਪੀਓਕੇ ਵਿੱਚ ਸਾਡੇ ਭੈਣ-ਭਰਾ ਖੁਦ ਹੀ ਭਾਰਤ ਨਾਲ ਹੋਣ ਦੀ ਮੰਗ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਆਪਣੀ ਧਰਤੀ ‘ਤੇ ਅੱਤਵਾਦੀ ਫੈਕਟਰੀਆਂ ਨੂੰ ਖਤਮ ਨਹੀਂ ਕਰ ਸਕਦਾ ਤਾਂ ਅਸੀਂ ਮਦਦ ਦੇਣ ਲਈ ਤਿਆਰ ਹਾਂ। ਰਾਜਨਾਥ ਸਿੰਘ ਨੇ ਕਿਹਾ ਕਿ ਲੋੜ ਪੈਣ ‘ਤੇ ਭਾਰਤੀ ਫੌਜ ਨਾ ਸਿਰਫ ਆਪਣੀਆਂ ਸਰਹੱਦਾਂ ਦੇ ਅੰਦਰ ਸਗੋਂ ਸਰਹੱਦ ਪਾਰ ਵੀ ਦੁਸ਼ਮਣਾਂ ਖਿਲਾਫ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ। ਭਾਰਤ ਨੂੰ ਵਿਸ਼ਵ ਸ਼ਕਤੀ ਵਜੋਂ ਉਭਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ 2014 ‘ਚ ਦੇਸ਼ ਦਾ ਰੱਖਿਆ ਨਿਰਯਾਤ ਲਗਭਗ 600-800 ਕਰੋੜ ਰੁਪਏ ਸੀ, ਅੱਜ ਇਹ 31,000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ ਅਤੇ ਅਗਲੇ ਪੰਜ ਸਾਲਾਂ ‘ਚ ਅਸੀਂ ਉਮੀਦ ਕਰਦੇ ਹਾਂ ਕਿ ਇਹ 50,000 ਕਰੋੜ ਰੁਪਏ ਤੋਂ ਵੱਧ ਹੋ ਜਾਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਥਿਤ ਚੀਨੀ ਘੁਸਪੈਠ ਨੂੰ ਲੈ ਕੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਕੋਈ ਵੀ ਦੇਸ਼ ਸਾਡੀ ਜ਼ਮੀਨ ‘ਤੇ ਇਕ ਇੰਚ ਵੀ ਕਬਜ਼ਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਚੀਨ ਵੀ ਕੋਈ ਗੜਬੜ ਕਰਦਾ ਹੈ ਤਾਂ ਦੇਸ਼ ਦੀ ਫੌਜ ਉਸ ਦਾ ਮੂੰਹਤੋੜ ਜਵਾਬ ਦੇਣ ਦੇ ਸਮਰੱਥ ਹੈ।

ਰੱਖਿਆ ਮੰਤਰੀ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਨੂੰ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਭਲਾਈ ਲਈ ਭਾਜਪਾ ਦਾ ਜਿੱਤਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਰ ਪਾਰਟੀ ਨੂੰ ਅਜ਼ਮਾਇਆ ਹੈ ਪਰ ਇਨ੍ਹਾਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਇਸ ਲਈ ਇੱਕ ਮੌਕਾ ਮੋਦੀ ਨੂੰ ਦਿਓ। ਰੈਲੀ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪੂਰਾ ਪੰਡਾਲ ‘ਭਾਰਤ ਮਾਤਾ ਕੀ ਜੈ’ ਅਤੇ ‘ਜੈ ਸ੍ਰੀ ਰਾਮ’ ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ।

LEAVE A REPLY

Please enter your comment!
Please enter your name here