ਮਾਨਸਾ 24 ਮਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਬਲੱਡ ਬੈਂਕਾਂ ਵਿੱਚ ਵੱਖ ਵੱਖ ਬਲੱਡ ਗਰੁੱਪਾਂ ਦੇ ਖੂਨ ਦੀ ਕਿੱਲਤ ਨੂੰ ਧਿਆਨ ਵਿੱਚ ਰੱਖਦਿਆਂ ਅਪੈਕਸ ਕਲੱਬ ਦੇ ਪ੍ਰਧਾਨ ਸਵੈਇੱਛਕ ਖੂਨਦਾਨੀ ਸੰਜੀਵ ਪਿੰਕਾ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾਂ ਨੇ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਕੀਤਾ।ਇਹ ਜਾਣਕਾਰੀ ਦਿੰਦਿਆਂ ਖੂਨਦਾਨੀ ਪ੍ਰੇਰਕ ਗੁਰਪ੍ਰੀਤ ਭੰਮਾਂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਖੂਨਦਾਨ ਦੀ ਲਹਿਰ ਨਾਲ ਆਮ ਲੋਕਾਂ ਨੂੰ ਜੋੜਨ ਵਿੱਚ ਇਹਨਾਂ ਖੂਨਦਾਨੀਆਂ ਦਾ ਵੱਡਾ ਯੋਗਦਾਨ ਹੈ ਉਨ੍ਹਾਂ ਦੱਸਿਆ ਅੱਜ ਸੰਜੀਵ ਪਿੰਕਾ ਵਲੋਂ 136ਵੀਂ ਵਾਰ ਅਤੇ ਬਲਜੀਤ ਸ਼ਰਮਾਂ ਨੇ 130ਵੀਂ ਵਾਰ ਖ਼ੂਨਦਾਨ ਕੀਤਾ ਗਿਆ ਇਹਨਾਂ ਖੂਨਦਾਨੀਆਂ ਨੂੰ ਕਈ ਵਾਰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਕਰਵਾਏ ਜਾਂਦੇ ਰਾਜ ਪੱਧਰੀ ਸਮਾਗਮਾਂ ਮੌਕੇ ਸਨਮਾਨਿਤ ਵੀ ਕੀਤਾ ਗਿਆ ਹੈ। ਇਸ ਮੌਕੇ ਸੰਜੀਵ ਪਿੰਕਾ ਨੇ ਦੱਸਿਆ ਕਿ ਉਹ ਸਾਲ 1988 ਤੋਂ ਲਗਾਤਾਰ ਸਾਲ ਵਿੱਚ ਚਾਰ ਵਾਰ ਖੂਨਦਾਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਵਗੈਰਾ ਕਦੇ ਵੀ ਮਹਿਸੂਸ ਨਹੀਂ ਹੋਈ ਅਤੇ ਉਹ ਖੂਨਦਾਨ ਕਰਕੇ ਕੁਝ ਹੀ ਸਮੇਂ ਬਾਅਦ ਰੂਟੀਨ ਦੇ ਕੰਮ ਕਰਨ ਲੱਗ ਜਾਂਦੇ ਹਨ।
ਇਸ ਮੌਕੇ ਮੈਡੀਕਲ ਅਫ਼ਸਰ ਵਜੋਂ ਤਾਇਨਾਤ ਡਾਕਟਰ ਵਰੁਣ ਮਿੱਤਲ ਜੋ ਕਿ ਖੁਦ ਵੀ ਖੂਨਦਾਨੀ ਹਨ ਨੇ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਸਗੋਂ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਉਣ ਵਿਚ ਸਹਿਯੋਗ ਕਰਨ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਉਨ੍ਹਾਂ ਦੱਸਿਆ ਕਿ ਚਾਹੇ ਵਿਗਿਆਨ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਹਨ ਪਰ ਖੂਨ ਦਾ ਕੋਈ ਵੀ ਬਦਲ ਨਹੀਂ ਲੱਭਿਆ ਗਿਆ ਖੂਨ ਦੀ ਜ਼ਰੂਰਤ ਵਾਲੇ ਮਰੀਜ਼ਾਂ ਨੂੰ ਕਿਸੇ ਵਿਅਕਤੀ ਦਾ ਦਾਨ ਕੀਤਾ ਖੂਨ ਦੇ ਕੇ ਹੀ ਬਚਾਇਆ ਜਾ ਸਕਦਾ ਹੈ ਇਸ ਲਈ ਖੂਨਦਾਨ ਲਹਿਰ ਦਾ ਹਿੱਸਾ ਬਨਣਾ ਚਾਹੀਦਾ ਹੈ।ਇਸ ਮੌਕੇ ਲੋਕਾਂ ਨੂੰ ਖੂਨਦਾਨ ਲਈ ਜਾਗਰੂਕ ਕਰਕੇ ਇਸ ਲਹਿਰ ਨਾਲ ਜੋੜਨ ਵਾਲੇ ਨੋਜਵਾਨ ਡਿੰਪਲ ਫਰਮਾਹੀ ਨੇ ਕਿਹਾ ਕਿ ਔਰਤਾਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਨਾਲ ਜਾਗਰੂਕਤਾ ਅਭਿਆਨ ਨੂੰ ਕਾਫੀ ਵੱਡਾ ਸਹਿਯੋਗ ਮਿਲੇਗਾ। ਬਲਜੀਤ ਸ਼ਰਮਾਂ ਨੇ ਦੱਸਿਆ ਕਿ ਪਹਿਲੇ ਸਮੇਂ ਵਿੱਚ ਲੋਕਾਂ ਨੂੰ ਖੂਨਦਾਨ ਪ੍ਰਤੀ ਜਾਗਰੂਕਤਾ ਨਹੀਂ ਸੀ ਅਤੇ ਲੋਕ ਖੂਨਦਾਨ ਕਰਨ ਤੋਂ ਡਰਦੇ ਸਨ ਪਰ ਗੁਰਪ੍ਰੀਤ ਭੰਮਾਂ ਅਤੇ ਡਿੰਪਲ ਫਰਮਾਹੀ ਵਰਗੇ ਖੂਨਦਾਨੀ ਪ੍ਰੇਰਕਾਂ ਦੇ ਅਣਥੱਕ ਯਤਨਾਂ ਸਦਕਾ ਪਿੰਡਾਂ ਵਿੱਚ ਵੀ ਲੋਕ ਖੂਨਦਾਨ ਕਰਨ ਵਿੱਚ ਵੱਡਾ ਰੋਲ ਅਦਾ ਕਰ ਰਹੇ ਹਨ। ਬਲਜੀਤ ਕੜਵਲ ਨੇ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਦੀ ਸਮੁੱਚੀ ਟੀਮ ਦਾ ਮਰੀਜ਼ਾਂ ਨੂੰ ਜ਼ਰੂਰਤ ਸਮੇਂ,ਸਮੇਂ ਸਿਰ ਖੂਨ ਮੁਹਈਆ ਕਰਵਾਉਣ ਲਈ ਕੀਤੇ ਜਾਂਦੇ ਉਪਰਾਲਿਆਂ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਜੇਕਰ ਮਰੀਜ਼ਾਂ ਲਈ ਲੋੜੀਂਦੇ ਗਰੁੱਪ ਦਾ ਖੂਨ ਬਲੱਡ ਬੈਂਕ ਵਿੱਚ ਉਪਲਬਧ ਨਹੀਂ ਹੁੰਦਾ ਤਾਂ ਬਲੱਡ ਬੈਂਕ ਟੀਮ ਦੇ ਮੈਂਬਰ ਰੈਗੂਲਰ ਡੋਨਰਾ ਨਾਲ ਸੰਪਰਕ ਕਰਕੇ ਖੂਨ ਮੁਹਈਆ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ।
ਇਸ ਮੌਕੇ ਡਾਕਟਰ ਵਰੁਣ ਮਿੱਤਲ, ਸੰਜੀਵ ਪਿੰਕਾ, ਬਲਜੀਤ ਸ਼ਰਮਾਂ, ਗੁਰਪ੍ਰੀਤ ਭੰਮਾਂ, ਡਿੰਪਲ ਫਰਮਾਹੀ, ਬਲਜੀਤ ਕੜਵਲ,ਕਮਲ ਗਰਗ, ਅਮਨਦੀਪ ਸਿੰਘ,ਲਗਨ ਸਿੰਘ ਸਮੇਤ ਮੈਂਬਰ ਹਾਜ਼ਰ ਸਨ