ਮਾਨਸਾ 21 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਵੁਆਇਸ ਆਫ਼ ਮਾਨਸਾ ਦੇ ਸੱਦੇ ‘ਤੇ ਸੀਵਰੇਜ ਮਸਲੇ ਨੂੰ ਹੱਲ ਕਰਵਾਉਣ ਲਈ 21ਵੇਂ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ। ਧਰਨਾਕਾਰੀਆਂ ਨੇ ਭਲਕੇ 22 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਫੇਰੀ ਦੇ ਮੱਦੇਨਜ਼ਰ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਸ਼ਹਿਰ ਦਾ ਸੱਭ ਤੋਂ ਵੱਧ ਗੰਭੀਰ ਮਸਲਾ ਹੱਲ ਨਾ ਕੀਤਾ ਗਿਆ ਤਾਂ ਮਾਨਸਾ ਮੁਕੰਮਲ ਬੰਦ ਤੋਂ ਹੋਰਨਾਂ ਤਿੱਖੇ ਐਕਸ਼ਨਾਂ ਤੋਂ ਪਿਛੇ ਨਹੀਂ ਹਟਣਗੇ। ਅੱਜ ਭੁੱਖ ਹੜਤਾਲ ‘ਤੇ ਬੈਠਣ ਵਾਲੇ ਆਗੂਆਂ ਵਿੱਚ ਜਗਦੀਪ ਸਿੰਘ ਤੋਤੀ ਮਾਨਸ਼ਾਹੀਆ, ਹਰਜੀਵਨ ਸਰਾਂ, ਬਲਵੰਤ ਸਿੰਘ ਦਲੇਲ ਵਾਲਾ,ਰਤਨ ਲਾਲ,ਬਾਲਾ ਰਾਮ ਸ਼ਾਮਲ ਸਨ।
ਧਰਨੇ ਦੌਰਾਨ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ,ਸੀ.ਪੀ.ਆਈ. ਦੇ ਸੀਨੀਅਰ ਆਗੂ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਆਪ ਸਰਕਾਰ ਜਿਹੜੀ ਧਰਨਿਆਂ ਮੁਜ਼ਾਹਰਿਆਂ ਵਿਚ ਨਿਕਲੀ ਸੀ,ਹੁਣ ਉਹ ਸਰਕਾਰ ਮਾਨਸਾ ਦੇ ਵੱਡੀ ਗਿਣਤੀ ਚ ਸ਼ਾਮਲ ਸੀਨੀਅਰ ਸਿਟੀਜ਼ਨਾਂ ਦੇ ਹੱਕੀ ਧਰਨੇ ਦੌਰਾਨ ਵੀ ਸਾਰ ਨਹੀਂ ਲੈ ਰਹੀ, ਉਨ੍ਹਾਂ ਕਿਹਾ ਕਿ ਹਕੂਮਤ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਨ ਦੇ ਕਾਬਲ ਨਹੀਂ, ਤਾਂ ਉਨ੍ਹਾਂ ਤੋਂ ਹੋਰ ਵੱਡੀਆਂ ਉਮੀਦਾਂ ਕੀ ਰੱਖੀਆਂ ਜਾ ਸਕਦੀਆਂ ਨੇ। ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਦੇ ਮਾੜੇ ਸਿਸਟਮ ਵਿਰੁੱਧ ਸ਼ੁਰੂ ਕੀਤੇ ਇਸ ਹੱਕੀ ਸੰਘਰਸ਼ ਨੂੰ ਸੀਵਰੇਜ ਦੇ ਪੱਕੇ ਹੱਲ ਤੱਕ ਜਾਰੀ ਰੱਖਿਆ ਜਾਵੇਗਾ।
ਬੁਲਾਰਿਆਂ ਨੇ ਕਿਹਾ ਕਿ ਸੀਵਰੇਜ ਦੇ ਮਾੜੇ ਸਿਸਟਮ ਨੇ ਸ਼ਹਿਰੀਆਂ ਦਾ ਜੀਵਨ ਦੁੱਭਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ ਗਿਣਤੀ ਦੇ ਵਾਰਡਾਂ ਦਾ ਨਹੀਂ, ਸਗੋਂ ਪੂਰੇ ਸ਼ਹਿਰ ਦੀ ਗੰਭੀਰ ਸਮੱਸਿਆ ਹੈ, ਸ਼ਹਿਰ ਦੀ ਹਰ ਗਲੀ,ਮਹੱਲੇ ‘ਚ ਸੀਵਰੇਜ ਦਾ ਮਾੜਾ ਹਾਲ ਹੈ।
ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸਾਬਕਾ ਅਧਿਕਾਰੀ ਡਾ.ਸੰਦੀਪ ਘੰਡ, ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਬਿੱਕਰ ਸਿੰਘ ਮਘਾਣੀਆ,ਐਡਵੋਕੇਟ ਕੇਸਰ ਸਿੰਘ ਧਲੇਵਾਂ,ਰਾਜ ਜੋਸ਼ੀ, ਕੁਲਦੀਪ ਚੌਹਾਨ,ਨਰਿੰਦਰ ਸ਼ਰਮਾ, ਹਰਜੀਵਨ ਸਰਾਂ,ਜਗਸੀਰ ਢਿੱਲੋਂ ,ਮੇਜਰ ਸਿੰਘ, ਮਹਿੰਦਰ ਸਿੰਘ, ਗੁਰਦੇਵ ਘੁਮਾਣ,ਸੋਨੀ ਭੁੱਲਰ, ਪ੍ਰਕਾਸ਼ ਚੰਦ , ਇਕਬਾਲ ਸਿੰਘ,ਰਾਜ ਕੁਮਾਰ ਝੁਨੀਰ ਨੇ ਕਿਹਾ ਕਿ ਸੀਵਰੇਜ ਦੇ ਪੱਕੇ ਹੱਲ ਤੱਕ ਧਰਨਾ ਜਾਰੀ ਰਹੇਗਾ।