*ਸਰਕਾਰੀ ਹਾਈ ਸਕੂਲ ਮੰਢਾਲੀ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ*

0
45

ਬੁਢਲਾਡਾ 17 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਅਤੇ ਡਾਕਟਰ ਗੁਰਚੇਤਨ ਪ੍ਰਕਾਸ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਬੁਢਲਾਡਾ ਦੇ ਸੈਕਟਰ ਬਰ੍ਹੇ ਅਧੀਨ ਪਿੰਡ ਮੰਢਾਲੀ ਦੇ ਸਰਕਾਰੀ ਹਾਈ ਸਕੂਲ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ। ਇਸ ਮੌਕੇ ਸਿਹਤ ਸੁਪਰਵਾਈਜ਼ਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਡੇਂਗੂ ਦੀ ਰੋਕਥਾਮ ਲਈ ਵਿਆਪਕ ਕਦਮ ਚੁੱਕੇ ਜਾ ਰਹੇ ਹਨ। ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਰਕਾਰੀ ਪ੍ਰਾਈਵੇਟ ਦਫ਼ਤਰਾਂ, ਘਰਾਂ ਵਿੱਚ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ। ਨਾਲ ਹੀ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਚੇਚੇ ਤੌਰ ‘ਤੇ ਪਹੁੰਚੇ ਸਹਾਇਕ ਮਲੇਰੀਆ ਅਫਸਰ ਕੇਵਲ ਸਿੰਘ ਨੇ ਦੱਸਿਆ ਕਿ ਡੇਂਗੂ ਦਾ ਲਾਰਵਾ ਹਮੇਸ਼ਾ ਸਾਫ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਲਾਰਵਾ ਪੈਦਾ ਹੋਣ ਦੇ ਸਾਫ ਪਾਣੀ ਦੇ ਮੁੱਖ ਸਰੋਤ ਫਰਿਜ ਦੀਆਂ ਟਰੇਆਂ, ਕੂਲਰ, ਪਾਣੀਆਂ ਵਾਲੀਆਂ ਟੈਂਕੀਆਂ ਹੌਦੀਂਆ, ਪੰਛੀਆਂ ਦੇ ਪੀਣ ਲਈ ਰੱਖੇ ਗਏ ਕਟੋਰੇ, ਮਨੀ ਪਲਾਂਟ ਵਾਲੀਆਂ ਬੋਤਲਾਂ, ਦੇਸੀ ਫਲੱਸ਼ ਵਿੱਚ ਰੱਖੇ ਗਏ ਘੜੇ ਹਨ। ਇਹਨਾਂ ਚੀਜ਼ਾਂ ਦੀ ਸਫਾਈ ਹਫਤੇ ਵਿੱਚ ਇੱਕ ਵਾਰ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਵਿੱਚ ਲਾਰਵਾ ਨਾਂ ਪੈਦਾ ਹੋ ਸਕੇ। ਸਿਹਤ ਕਰਮਚਾਰੀ ਕ੍ਰਿਸ਼ਨ ਕੁਮਾਰ ਅਤੇ ਨਿਰਭੈ ਸਿੰਘ ਨੇ ਦੱਸਿਆ ਕਿ ਤੇਜ ਬੁਖਾਰ ਚੜਨਾ, ਤੇਜ ਸਿਰ ਦਰਦ, ਬਦਨ ਦਰਦ, ਜੀ ਕੱਚਾ ਹੋਣਾ, ਕਮਜ਼ੋਰੀ ਹੋਣੀ ਆਦਿ ਡੇਂਗੂ ਮਲੇਰੀਆ ਦੇ ਲੱਛਣ ਹਨ। ਇਹ ਲੱਛਣ ਦਿਖਣ ਤੇ ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਵਿੱਚ ਇਸਦਾ ਟੈਸਟ ਕਰਵਾਉਣਾ ਚਾਹੀਦਾ ਹੈ। ਸਿਹਤ ਕਰਮਚਾਰੀ ਰਾਹੁਲ ਕੁਮਾਰ ਅਤੇ ਨਵਦੀਪ ਕਾਠ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਲੇਰੀਆ ਅਤੇ ਡੇਂਗੂ ਦਾ ਟੈਸਟ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਬੀਰਜੀਤ ਕੌਰ ਸੀਐਚਓ, ਪਰਮਜੀਤ ਕੌਰ ਏ ਐੱਨ ਐੱਮ ਵੱਲੋਂ ਸਕੂਲੀ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਸਾਰੀ ਸਿਹਤ ਵਿਭਾਗ ਦੀ ਟੀਮ ਵੱਲੋਂ ਇਨਾਮ ਵੀ ਦਿੱਤੇ ਗਏ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੈਡਮ ਮਨਿੰਦਰ ਕੌਰ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਸਮੂਹ ਸਕੂਲ ਸਟਾਫ ਸਮੇਤ ਆਸ਼ਾ ਸਿਮਰਜੀਤ ਕੌਰ ਨੇ ਵਿਸ਼ੇਸ਼ ਯੋਗਦਾਨ ਦਿੱਤਾ।

LEAVE A REPLY

Please enter your comment!
Please enter your name here