ਦਿੜ੍ਹਬਾ ਮੰਡੀ, 8 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸਰਕਾਰੀ ਹਾਈ ਸਕੂਲ ਕਮਾਲਪੁਰ ਵਿਖੇ ਹੈੱਡ ਮਾਸਟਰ ਡਾ. ਪਰਮਿੰਦਰ ਸਿੰਘ ਦੇਹੜ੍ਹ ਦੀ ਅਗਵਾਈ ਹੇਠ ਸਵੀਪ ਗਤੀਵਿਧੀਆਂ ਨਾਲ ਸਬੰਧਤ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਸਵੀਪ ਦੇ ਜ਼ਿਲ੍ਹਾ ਕਨਵੀਨਰ ਲਖਵਿੰਦਰ ਸਿੰਘ ਲੱਖਾ ਅਤੇ ਸਕੂਲ ਦੇ ਸਵੀਪ ਨੋਡਲ ਅਫ਼ਸਰ ਮੰਗਲ ਸਿੰਘ ਦੀ ਦੇਖ–ਰੇਖ ਹੇਠ ਕਰਵਾਏ ਗਏ ਇਸ ਕੁਇਜ਼ ਮੁਕਾਬਲੇ ਵਿੱਚ ਸਕੂਲ ਦੇ ਵਿਦਿਆਰਥੀ ਜੀਵਨ ਸਿੰਘ ਨੇ ਪਹਿਲਾ, ਰਮੀ ਕੁਮਾਰ ਨੇ ਦੂਜਾ ਅਤੇ ਮੋਹਿਤ ਚੌਹਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਲਖਵਿੰਦਰ ਸਿੰਘ ਲੱਖਾ ਨੇ ਵਿਦਿਆਰਥੀਆਂ ਨੂੰ ਆਪਣੇ ਅਧਿਕਾਰਾਂ ਸਬੰਧੀ ਜਾਗਰੂਕ ਹੋਣ ਲਈ ਪ੍ਰੇਰਿਤ ਕਰਦੇ ਹੋਏ ਵੋਟ ਬਣਾਉਣ ਅਤੇ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ। ਸਕੂਲ ਮੁੱਖੀ ਡਾ. ਪਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਭਵਿੱਖ ਦੇ ਵੋਟਰਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ਼-ਨਾਲ਼ ਕਰਤੱਵਾਂ ਨੂੰ ਯਾਦ ਰੱਖਕੇ ਇੱਕ ਨਿਰੋਏ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਕੂਲ ਸਵੀਪ ਨੋਡਲ ਅਫ਼ਸਰ ਮੰਗਲ ਸਿੰਘ ਨੇ ਵਿਦਿਆਰਥੀਆਂ ਨੂੰ ਵੋਟਾਂ ਨਾਲ ਸਬੰਧਿਤ ਜਾਣਕਾਰੀ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ਼ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਲੋਕਤੰਤਰ ਦੀ ਸਫਲਤਾ ਲਈ ਵੱਧ ਤੋਂ ਵੱਧ ਵੋਟਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਧਿਆਪਕਾ ਯਾਦਵਿੰਦਰ ਕੌਰ, ਹੇਮੰਤ ਸਿੰਘ ਅਤੇ ਟਿੰਕੂ ਕਮਾਰ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।