*ਸਰਦੂਲਗੜ੍ਹ ਦੀ ਰੈਲੀ ਵਿੱਚ ਇਤਿਹਾਸਿਕ ਇੱਕਠ ਹੋਵੇਗਾ: ਬਣਾਂਵਾਲੀ*

0
272

ਮਾਨਸਾ 5 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸੋਮਵਾਰ 6 ਮਈ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨ ਲਈ ਝੁਨੀਰ ਵਿਖੇ ਪਹੁੰਚ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਇਸ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਸੰਬੰਧ ਵਿੱਚ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਉਨ੍ਹਾਂ ਦੇ ਸਮਰਥਕ ਪੱਬਾਂ ਭਾਰ ਹਨ। ਇਸ ਰੈਲੀ ਦੀਆਂ ਤਿਆਰੀਆਂ ਅਤੇ ਪੁਖਤਾ ਪ੍ਰਬੰਧ ਨੂੰ ਲੈ ਕੇ ਐੱਸ.ਐੱਸ.ਪੀ ਡਾ: ਨਾਨਕ ਸਿੰਘ ਦੀ ਅਗਵਾਈ ਵਿੱਚ ਚੱਪੇ-ਚੱਪੇ ਦੀ ਤਲਾਸ਼ੀ ਲੈ ਕੇ ਰੈਲੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜਿਲ੍ਹਾ ਪੁਲਿਸ ਕਪਤਾਨ ਡਾ: ਨਾਨਕ ਸਿੰਘ ਇਸ ਰੈਲੀ ਦੇ ਪ੍ਰਬੰਧਾਂ ਦੀ ਦੇਖ-ਰੇਖ ਖੁਦ ਕਰ ਰਹੇ ਹਨ ਅਤੇ ਰੈਲੀ ਵਿੱਚ ਕੁਝ ਦਿਨ ਪਹਿਲਾਂ ਤੋਂ ਪੁਲਿਸ ਨੇ ਇਸ ਦੀ ਕਮਰ ਕਸ ਲਈ ਹੈ। ਰੈਲੀ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਜਾਂ ਇੱਕਠ ਕੰਟਰੋਲ ਤੋਂ ਬਾਹਰ ਹੋਵੇ। ਇਸ ਨੂੰ ਲੈ ਕੇ ਪੁਲਿਸ ਪ੍ਰਬੰਧ ਪੂਰੇ ਸੁਚੱਜੇ ਢੰਗ ਨਾਲ ਕੀਤੇ ਜਾ ਰਹੇ ਹਨ। ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰ, ਵਿਧਾਇਕ ਇਸ ਰੈਲੀ ਨੂੰ ਲੈ ਕੇ ਪੱਬਾਂ ਭਾਰ ਹਨ। ਉੱਥੇ ਪੁਲਿਸ ਪ੍ਰਸ਼ਾਸ਼ਨ ਵੀ ਕੋਈ ਕਮੀ ਨਹੀਂ ਛੱਡ ਰਿਹਾ। ਮਾਨਸਾ ਤੋਂ ਲੈ ਕੇ ਝੁਨੀਰ ਤੱਕ ਚੱਪੇ-ਚੱਪੇ ਤੇ ਪੁਲਿਸ ਦਾ ਪਹਿਰਾ ਬਿਠਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਲੈ ਕੇ ਮਾਨਸਾ ਪੁਲਿਸ ਕੋਈ ਵੀ ਘਾਟ ਨਹੀਂ ਛੱਡ ਰਹੀ। ਮੁੱਖ ਮੰਤਰੀ ਦੇ ਸਵਾਗਤ ਲਈ ਥਾਂ-ਥਾਂ ਤੇ ਲੱਗੇ ਫਲੈਕਸ ਅਤੇ ਬੋਰਡਾਂ ਨੂੰ ਲੈ ਕੇ ਵੀ ਪੁਲਿਸ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ।

   ਐੱਸ.ਐੱਸ.ਪੀ ਡਾ: ਨਾਨਕ ਸਿੰਘ ਨੇ ਦੱਸਿਆ ਕਿ ਭਗਵੰਤ ਮਾਨ ਦੀ ਆਮਦ ਪ੍ਰਤੀ ਪੁਲਿਸ ਤਨਦੇਹੀ ਨਾਲ ਡਟੀ ਹੋਈ ਹੈ ਅਤੇ ਇਸ ਇੱਕਠ ਨੂੰ ਕੰਟਰੋਲ ਕਰਨ ਲਈ ਬੈਰੀਗੇਡ ਤੋਂ ਇਲਾਵਾ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ, ਸ਼ੱਕੀ ਵਿਅਕਤੀਆਂ ਤੇ ਨਜਰ ਰੱਖੀ ਜਾ ਰਹੀ ਹੈ।  ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇਸ ਦੌਰਾਨ ਅੱਖ ਨਹੀਂ ਚੁੱਕਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਸ਼ਾਤਮਈ ਢੰਗ ਨਾਲ ਰੈਲੀ ਵਿੱਚ ਪਹੁੰਚਣ ਦੀ ਸਹੂਲਤ ਦਿੱਤੀ ਜਾਵੇਗੀ।  ਇਸ ਦੌਰਾਨ ਪੁਲਿਸ ਨੇ ਪਾਰਕਿੰਗ ਦੇ ਵੀ ਵੱਖਰੇ ਪ੍ਰਬੰਧ ਕੀਤੇ ਹਨ ਅਤੇ ਵਾਹਨਾਂ ਤੇ ਵੀ ਪੁਲਿਸ ਦਾ ਪਹਿਰਾ ਬਿਠਾਇਆ ਜਾਵੇਗਾ ਤਾਂ ਜੋ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਜਾਂ ਚੋਰੀ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ।                                                                                                                            
             ਦੂਸਰੀ ਤਰਫ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਇਸ ਰੈਲੀ ਨੂੰ ਹਲਕਾ ਸਰਦੂਲਗੜ੍ਹ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।  ਇਹ ਰੈਲੀ ਬਠਿੰਡਾ ਪਾਰਲੀਮੈਂਟ ਹਲਕੇ ਵਿੱਚੋਂ ਇਤਿਹਾਸਿਕ ਰੈਲੀ ਹੋਵੇਗੀ।  ਜਿਸ ਵਿੱਚ ਲੋਕ ਭਗਵੰਤ ਮਾਨ ਦੇ ਵਿਚਾਰ ਸੁਣਨ ਲਈ ਉਤਾਵਲੇ ਹਨ।  ਉਨ੍ਹਾਂ ਦੱਸਿਆ  ਕਿ ਸੂਬੇ ਵਿੱਚ 2 ਸਾਲ ਦੀ ਸਰਕਾਰ ਦੌਰਾਨ ਕੀਰਤੀਮਾਨ ਸਥਾਪਿਤ ਕਰਨ ਵਾਲੇ ਭਗਵੰਤ ਮਾਨ ਦੇ ਪ੍ਰਚਾਰ ਅਤੇ ਸਰਕਾਰ ਦੀਆਂ ਅਗਲੀਆਂ ਯੋਜਨਾਵਾਂ ਵੀ ਲੋਕਾਂ ਨੂੰ ਦੱਸੀਆਂ ਜਾਣਗੀਆਂ।  ਜਿਸ ਵਿੱਚ ਰਿਕਾਰਡਤੋੜ ਇੱਕਠ ਹੋਵੇਗਾ।   ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਕੋਆਪਰੇਟਿਵ ਬੈਂਕ ਪੰਜਾਬ ਦੇ ਡਾਇਰੈਕਟਰ ਗੁਰਸੇਵਕ ਸਿੰਘ ਝੁਨੀਰ, ਐੱਸ.ਪੀ ਹੈੱਡ ਕੁਆਟਰ ਜਸਕੀਰਤ ਸਿੰਘ ਤੋਂ ਇਲਾਵਾ ਹੋਰ ਵੀ ਸਿਵਲ ਅਧਿਕਾਰੀ ਪ੍ਰਬੰਧਾਂ ਦਾ ਜਾਇਜਾ ਲੈ ਰਹੇ ਸਨ।

LEAVE A REPLY

Please enter your comment!
Please enter your name here