ਮਾਨਸਾ 03 ਮਈ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ’ਤੇ ਟੀਕਾਕਰਨ ਪ੍ਰੋਗਰਾਮ ਦੀ 50ਵੀਂ ਵਰ੍ਹੇਗੰਢ ਦੇ ਮੱਦੇਨਜ਼ਰ 24 ਅਪ੍ਰੈਲ ਤੋਂ 30 ਅਪ੍ਰੈਲ, 2024 ਤੱਕ ਸਪੈਸ਼ਲ ਕੈਂਪ ਲਗਾ ਕੇ ਮਨਾਏ ਗਏ ਵਿਸ਼ਵ ਟੀਕਾਕਰਨ ਸਪਤਾਹ ਦੌਰਾਨ ਜ਼ਿਲੇ ਦੇ ਬੱਚਿਆਂ ਦੇ ਟੀਕਾਕਰਨ ਲਈ ਨਿਰਧਾਰਿਤ ਟੀਚੇ ਨੂੰ ਸਫਲਤਾਪੂਰਵਕ ਪ੍ਰਾਪਤ ਕਰ ਲਿਆ ਹੈ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਟੀਕਾਕਰਨ ਮੁਹਿੰਮ ਦੌਰਾਨ ਜ਼ਿਲੇ੍ਹ ਵਿਚ 1206 ਬੱਚਿਆਂ ਦੇ ਟੀਕਾਕਰਨ ਦਾ ਟੀਚਾ ਮਿਥਿਆ ਗਿਆ ਸੀ, ਜਿਸ ਨੂੰ ਪ੍ਰਾਪਤ ਕਰਨ ਲਈ ਵਿਸ਼ੇਸ਼ ਟੀਕਾਕਰਨ ਸੈਸ਼ਨ ਪਲਾਨ ਕੀਤੇ ਗਏ। ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਕਾਕਰਨ ਟੀਮਾਂ ਨੇ ਸ਼ਹਿਰੀ ਏਰੀਏ ਸਮੇਤ ਜ਼ਿਲ੍ਹੇ ਦੇ ਹਾਈਰਿਸਕ ਖੇਤਰਾਂ ਵਿਚ ਆਊਟਰੀਚ ਕੈਂਪ ਅਤੇ ਮੋਬਾਈਲ ਟੀਮਾਂ ਰਾਹੀਂ ਵਿਸ਼ੇਸ਼ ਟੀਕਾਕਰਨ ਕੈਂਪ ਲਗਾ ਕੇ 1283 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਵਿਸ਼ਵ ਟੀਕਾਕਰਨ ਸਪਤਾਹ ਮੁਹਿੰਮ ਦੌਰਾਨ ਸਿਹਤ ਵਿਭਾਗ ਵੱਲੋਂ ਉਨ੍ਹਾਂ ਮਸਲਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਜੋ ਟੀਕਾਕਰਨ ਕਵਰੇਜ਼ ਵਿੱਚ ਅੜਿੱਕਾ ਬਣਦੇ ਹਨ ਅਤੇ ਉਨ੍ਹਾਂ ਆਬਾਦੀਆਂ ਨੂੰ ਵੀ ਕਵਰ ਕੀਤਾ ਗਿਆ, ਜੋ ਰੁਟੀਨ ਟੀਕਾਕਰਨ ਦੌਰਾਨ ਟੀਕਾ ਲਗਵਾਉਣ ਤੋਂ ਖੁੰਝ ਗਏ ਸਨ। ਮੁਹਿੰਮ ਦੌਰਾਨ ਅਜਿਹੇ ਲਾਭਪਾਤਰੀ, ਜਿੰਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਜਾਂ ਸਿਰਫ ਅੰਸ਼ਿਕ ਤੌਰ ’ਤੇ ਹੋਇਆ ਹੈ, ਤੱਕ ਆਸਾਨ ਪਹੁੰਚ ਬਣਾ ਕੇ ਇਨ੍ਹਾਂ ਨੂੰ ਟੀਕਾਕਰਨ ਪ੍ਰੋਗਰਾਮ ਵਿੱਚ ਕਵਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਦੇਸ਼ਵਿਆਪੀ ਖਸਰਾ (ਮੀਜ਼ਲਜ਼) ਅਤੇ ਰੁਬੇਲਾ ਦੇ ਖਾਤਮੇ ਵੱਲ ਇਕ ਮਹੱਤਵਪੂਰਨ ਕਦਮ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ 05 ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਮੀਜਲਜ਼ ਅਤੇ ਰੁਬੇਲਾ ਵੈਕਸੀਨ (ਐਮ.ਆਰ ਸੀ.ਵੀ) ਦੇ ਅਤਿ ਜ਼ਰੂਰੀ ਦੋ ਡੋਜ਼ਾਂ ਦੇ ਸ਼ਡਿਉਲ ਨੂੰ ਜ਼ਰੂਰ ਪੂਰਾ ਕਰੇ।
ਜ਼ਿਲਾ ਟੀਕਾਕਰਨ ਅਫ਼ਸਰ, ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਜ਼ਿਲੇ ’ਚ ਬੱਚਿਆਂ ਦੇ ਟੀਕਾਕਰਨ ਵਿਚ ਪਏ ਪਾੜੇ ਨੂੰ ਭਰਨ ਦੀ ਕੋਸ਼ਿਸ਼ ਵਿਚ ਵਿਸ਼ਵ ਟੀਕਾਕਰਨ ਸਪਤਾਹ ਮੁਹਿੰਮ ਮਦਦਗਾਰ ਸਾਬਿਤ ਹੋਈ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਬੱਚਿਆਂ ਦੇ ਸੰਪੂਰਨ ਟੀਕਾਕਰਨ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰ ਕੇ ਆਉਣ ਵਾਲੀ ਪੀੜ੍ਹੀ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਬਾਲ ਮੌਤ ਦਰ ਨੂੰ ਘਟਾਇਆ ਜਾ ਸਕੇ।