ਬੁਢਲਾਡਾ 2 ਮਈ(ਸਾਰਾ ਯਹਾਂ/ਅਮਨ ਮਹਿਤਾ)ਲੋਕ ਪੈਸੇ ਦੀ ਵਰਤੋਂ ਕਰਨ ਵਾਲਿਆਂ ਦਾ ਸਾਥ ਦੇਣ ਦੀ ਬਜਾਏ ਕੰਮ ਕਰਨ ਵਾਲਿਆਂ ਦਾ ਸਾਥ ਦੇਣਗੇ, ਲੋਕ ਹੁਣ ਸਰਕਾਰਾਂ ਵੱਲੋਂ ਕੀਤੇ ਕੰਮਾਂ ਨੂੰ ਤਰਜ਼ੀਹ ਦਿੰਦੇ ਹਨ। ਭਗਵੰਤ ਮਾਨ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਲੋਕਾਂ ਦੇ ਸਾਂਝੇ ਕੰਮਾਂ ਨੂੰ ਤਰਜ਼ੀਹ ਦਿੱਤੀ ਹੈ ਅਤੇ ਅਗਲੇ ਤਿੰਨ ਸਾਲਾਂ ਚ ਹਰੇਕ ਪਿੰਡ ਸ਼ਹਿਰ ਦੀਆਂ ਸਾਂਝੀਆਂ ਲੋੜਾਂ ਪੂਰੀਆਂ ਕਰਾਂਗੇ। ਇਹ ਸ਼ਬਦ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਵੱਖ ਵੱਖ ਪਿੰਡਾਂ ਚ ਪ੍ਰਚਾਰ ਕਰਨ ਵੇਲੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਵਿੱਚ ਜੁੱਟ ਗਏ ਹਨ। ਹਲਕਾ ਬੁਢਲਾਡਾ ਦੇ ਵੱਖ ਵੱਖ ਪਿੰਡਾਂ ਵਿੱਚ ਵਰਕਰ ਚੋਣ ਪ੍ਰਚਾਰ ਕਰ ਰਹੇ ਹਨ। ਪਿੰਡਾਂ ਸ਼ਹਿਰਾਂ ਦੇ ਵੋਟਰ ਸਮਝ ਚੁੱਕੇ ਹਨ ਕਿ ਅਕਾਲੀ ਦਲ ਅਤੇ ਭਾਜਪਾ ਨੂੰ ਦਿੱਤੀ ਵੋਟ ਦੇਸ਼ ਦਾ ਬੇੜਾ ਗਰਕ ਵਾਲਿਆਂ ਨੂੰ ਹਮਾਇਤ ਦੇਣਾ ਹੈ। ਅਕਾਲੀ ਦਲ ਦੀ ਉਮੀਦਵਾਰ ਤਾਂ ਆਪਣੀ ਪਾਰਟੀ ਦੀ ਖਤਮ ਹੋ ਰਹੀ ਸ਼ਾਖ ਨੂੰ ਬਚਾਉਣ ਲਈ ਮਜ਼ਬੂਰੀ ਵੱਸ ਚੋਣ ਲੜ ਰਹੀ ਹੈ, ਵੈਸੇ ਨੈਤਿਕ ਹਾਰ ਤਾਂ ਉਹ ਪਹਿਲਾਂ ਹੀ ਮੰਨ ਚੁੱਕੀ ਹੈ। ਇਸੇ ਕਰਕੇ ਸੁਖਬੀਰ ਬਾਦਲ ਨੇ ਜੱਕੋ ਤੱਕੀ ਚ ਪਈ ਹਰਸਿਮਰਤ ਕੌਰ ਨੂੰ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਦੇ ਵੱਖ ਵੱਖ ਪਿੰਡਾਂ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਬੇਟੇ ਅਮੀਤ ਸਿੰਘ ਖੁੱਡੀਆਂ ਨੇ ਚੋਣ ਮੁਹਿੰਮ ਵਿੱਚ ਵਰਕਰਾਂ ਦਾ ਹੌਸਲਾ ਵਧਾਉਣ ਲਈ ਖੁਦ ਹਲਕੇ ਵਿੱਚ ਵਿਚਰ ਰਹੇ ਹਨ। ਜਿਸ ਦਾ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰੇਕ ਪਿੰਡ ਚੋਂ ਲੋਕ ਵੱਡੀ ਗਿਣਤੀ ਵਿੱਚ ਵੱਖ ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਅਮੀਤ ਸਿੰਘ ਖੁੱਡੀਆਂ ਨੇ ਪਿੰਡ ਅਹਿਮਦਪੁਰ ਤੋਂ ਸ਼ੁਰੂ ਕਰਦਿਆਂ ਕੁਲਹਿਰੀ, ਪਿੱਪਲੀਆਂ, ਮੰਢਾਲੀ, ਟਾਹਲੀਆਂ, ਜੋਈਆਂ, ਮੱਲ ਸਿੰਘ ਵਾਲਾ, ਰਾਮਗੜ੍ਹ ਦਰੀਆਪੁਰ, ਦਰੀਆਪੁਰ ਕਲਾਂ, ਸਤੀਕੇ, ਅਚਾਨਕ, ਸਸਪਾਲੀ, ਟੋਡਰਪੁਰ ਆਦਿ ਪਿੰਡਾਂ ਵਿੱਚ ਭਰਵੇਂ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸੋਹਣਾ ਸਿੰਘ ਕਲੀਪੁਰ, ਸ਼ਤੀਸ਼ ਸਿੰਗਲਾ, ਬਲਵਿੰਦਰ ਸਿੰਘ ਔਲਖ, ਗੁਰਦਰਸ਼ਨ ਸਿੰਘ ਮੰਢਾਲੀ, ਚਰਨਜੀਤ ਸਿੰਘ ਕਿਸ਼ਨਗੜ੍ਹ, ਮੈਡਮ ਪਰਮਜੀਤ ਕੌਰ, ਵੀਰ ਸਿੰਘ ਬੋੜਾਵਾਲ, ਜਗਵਿੰਦਰ ਸਿੰਘ ਧਰਮਪੁਰਾ, ਜੱਸੀ ਸੈਣੀ, ਹਰਦੀਪ ਸਿੰਘ ਮੱਲ ਸਿੰਘ ਵਾਲਾ, ਸੁਖਜਿੰਦਰ ਸਿੰਘ ਛੀਨਾ, ਹਾਕਮ ਸਿੰਘ, ਵਿਸ਼ਾਲ ਰਿਸ਼ੀ, ਸੰਦੀਪ ਗਰਗ, ਰਮਨ ਗੁੜੱਦੀ ਆਦਿ ਹਾਜ਼ਰ ਸਨ।