*ਬਰਨਾਲਾ ‘ਚ 30 ਦੁਧਾਰੂ ਪਸ਼ੂਆਂ ਦੀ ਮੌਤ, ਪੀੜਤਾਂ ਨੇ ਸਰਕਾਰ ਤੋਂ ਕੀਤੀ ਆਹ ਮੰਗ*

0
30

03 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼)ਬਰਨਾਲਾ ਦੇ ਜਗਜੀਤਪੁਰਾ ਵਿੱਚ ਦੁਧਾਰੂ ਪਸ਼ੂਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ 30 ਦੁਧਾਰੂ ਮੱਝਾਂ ਦੀ ਮੌਤ ਹੋ ਗਈ ਹੈ।

ਬਰਨਾਲਾ ਦੇ ਜਗਜੀਤਪੁਰਾ ਵਿੱਚ ਦੁਧਾਰੂ ਪਸ਼ੂਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ 30 ਦੁਧਾਰੂ ਮੱਝਾਂ ਦੀ ਮੌਤ ਹੋ ਗਈ ਹੈ। ਪਸ਼ੂਆਂ ਦੀ ਅਚਾਨਕ ਮੌਤ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ। ਇਸ ਮੌਕੇ ਪ੍ਰਭਾਵਿਤ ਦੁਧਾਰੂ ਪਸ਼ੂ ਮਾਲਕਾਂ ਨੇ ਦੱਸਿਆ ਕਿ ਬੀਤੀ 10 ਤਰੀਕ ਤੋਂ ਹੁਣ ਤੱਕ ਉਨ੍ਹਾਂ ਦੇ ਪਿੰਡ ਦੇ 11 ਕਿਸਾਨਾਂ ਦੇ ਘਰਾਂ ਵਿੱਚ ਦੁੱਧ ਲਈ ਰੱਖੇ 30 ਦੇ ਕਰੀਬ ਦੁਧਾਰੂ ਪਸ਼ੂ ਮਰ ਚੁੱਕੇ ਹਨ। ਪਰ ਹੁਣ ਤੱਕ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਪਸ਼ੂ ਕਿਉਂ ਮਰ ਰਹੇ ਹਨ।

30 ਦੇ ਕਰੀਬ ਦੁਧਾਰੂ ਪਸ਼ੂ ਲੱਖਾਂ ਰੁਪਏ ਦੀ ਕੀਮਤ ਦੇ ਸਨ, ਜਿਨ੍ਹਾਂ ਵਿੱਚ ਛੋਟੇ ਕਿਸਾਨ ਅਤੇ ਆਮ ਪਰਿਵਾਰ ਦੁਧਾਰੂ ਪਸ਼ੂਆਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਸਨ। ਪਰ ਪਸ਼ੂਆਂ ਦੀ ਅਚਾਨਕ ਹੋਈ ਮੌਤ ਕਾਰਨ, ਜਿੱਥੇ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਛੋਟੇ ਕਿਸਾਨ ਵੀ ਆਰਥਿਕ ਤੌਰ ‘ਤੇ ਕਮਜ਼ੋਰ ਹੋ ਗਏ ਹਨ|

ਇਸ ਮੌਕੇ ਪ੍ਰਭਾਵਿਤ ਦੁਧਾਰੂ ਪਸ਼ੂਆਂ ਦੇ ਮਾਲਕਾਂ ਨੇ ਵੀ ਕਿਹਾ ਕਿ ਅੱਜ ਸਰਕਾਰੀ ਡਾਕਟਰ ਆਏ ਸਨ, ਪਹਿਲਾਂ ਉਹ ਆਪਣੇ ਦੁਧਾਰੂ ਪਸ਼ੂਆਂ ਦਾ ਇਲਾਜ ਪ੍ਰਾਈਵੇਟ ਡਾਕਟਰਾਂ ਤੋਂ ਮਹਿੰਗੇ ਰੇਟਾਂ ‘ਤੇ ਕਰਵਾਉਂਦੇ ਸਨ। ਪਰ ਫਿਰ ਵੀ ਉਹ ਆਪਣੇ ਦੁਧਾਰੂ ਪਸ਼ੂਆਂ ਨੂੰ ਨਹੀਂ ਬਚਾ ਸਕੇ। ਇਸ ਮੌਕੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਮਰੇ ਹੋਏ ਦੁਧਾਰੂ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਹੋਰ ਪਸ਼ੂ ਖਰੀਦ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕਣ।

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਦੇ ਲੱਖਾਂ ਰੁਪਏ ਦੇ ਦੁਧਾਰੂ ਪਸ਼ੂ ਭਿਆਨਕ ਬਿਮਾਰੀ ਕਾਰਨ ਮਰ ਚੁੱਕੇ ਹਨ। ਇਸ ਕਰਕੇ ਬਾਕੀ ਰਹਿੰਦੇ ਦੁਧਾਰੂ ਪਸ਼ੂਆਂ ਨੂੰ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਆਪਣੀਆਂ ਟੀਮਾਂ ਪਿੰਡਾਂ ਵਿੱਚ ਭੇਜ ਕੇ ਬਿਮਾਰ ਪਸ਼ੂਆਂ ਦਾ ਇਲਾਜ ਕਰਵਾਉਣ, ਤਾਂ ਜੋ ਕੋਈ ਹੋਰ ਦੁਧਾਰੂ ਪਸ਼ੂ ਮਰ ਨਾ ਸਕੇ।

ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਦੁਧਾਰੂ ਪਸ਼ੂਆਂ ਦੇ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਬਾਕੀ ਰਹਿੰਦੇ ਪਸ਼ੂਆਂ ਦਾ ਇਲਾਜ ਵੀ ਜਲਦੀ ਸ਼ੁਰੂ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਵਿਭਾਗ ਨੇ ਅਜਿਹਾ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਇਸ ਮਾਮਲੇ ਸਬੰਧੀ ਬਰਨਾਲਾ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਵਿੱਚ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਗਈਆਂ ਹਨ। ਟੀਮ ਦੀ ਅਗਵਾਈ ਕਰ ਰਹੇ ਤਪਾ ਦੇ ਵੈਟਰਨਰੀ ਅਫਸਰ ਡਾ: ਅਵਨੀਤ ਕੌਰ ਨੇ ਪ੍ਰਭਾਵਿਤ ਲੋਕਾਂ ਨਾਲ ਗੱਲ ਕੀਤੀ ਅਤੇ ਦੁਧਾਰੂ ਪਸ਼ੂਆਂ ਦੀ ਅਚਾਨਕ ਹੋਈ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਮਰੇ ਦੁਧਾਰੂ ਪਸ਼ੂਆਂ ਦਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਅਚਾਨਕ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਪਿੰਡਾਂ ਵਿੱਚ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਬਿਮਾਰੀ ਨੂੰ ਪਿੰਡਾਂ ਤੱਕ ਪਹੁੰਚਣ ਤੋਂ ਰੋਕਣ ਲਈ ਵਿਭਾਗ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ, ਤਾਂ ਜੋ ਇਹ ਭਿਆਨਕ ਬਿਮਾਰੀ ਨਾ ਫੈਲੇ ਅਤੇ ਕੋਈ ਹੋਰ ਜਾਨਵਰ ਇਸ ਦੀ ਲਪੇਟ ਵਿੱਚ ਨਾ ਆ ਸਕੇ।

LEAVE A REPLY

Please enter your comment!
Please enter your name here