ਮਾਨਸਾ, 07 ਮਾਰਚ:(ਸਾਰਾ ਯਹਾਂ/ਮੁੱਖ ਸੰਪਾਦਕ)
ਸਕੂਲੋਂ ਵਿਰਵੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਸਕੂਲਾਂ ਵਿਚ ਲਾਜ਼ਮੀ ਦਾਖਲ ਕਰਵਾਉਣ ਮਾਪੇ। ਚੰਗੀ ਸਿੱਖਿਆ ਅਤੇ ਗਿਆਨ ਨਾਲ ਹੀ ਬੱਚੇ ਦੇ ਨਾਲ ਨਾਲ ਪਰਿਵਾਰ ਦੀ ਆਰਥਿਕ ਤਰੱਕੀ ਸੰਭਵ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਸ੍ਰੀ ਪਰਮਵੀਰ ਸਿੰਘ ਨੇ ਸਕੂਲੋਂ ਵਿਰਵੇ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਹਾਜ਼ਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਦਾ ਕਾਰਨ ਪੁੱਛਿਆ ਅਤੇ ਪਰਿਵਾਰ ਦੀ ਆਰਥਿਕ ਤਰੱਕੀ ’ਚ ਸਿੱਖਿਆ ਦੇ ਮਹੱਤਵ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਪੜ੍ਹ ਲਿਖ ਕੇ ਬੱਚੇ ਆਪਣੇ ਜੀਵਨ ਨੂੰ ਵਧੀਆ ਢੰਗ ਨਾਲ ਜਿਊਂ ਸਕਦੇ ਹਨ, ਨਾਮ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਜ਼ਰੀਏ ਆਉਣ ਵਾਲੀਆਂ ਪੀੜ੍ਹੀਆਂ ਤੱਕ ਦਾ ਜੀਵਨ ਸੁਧਾਰਿਆ ਜਾ ਸਕਦਾ ਹੈ।
ਇਸ ਮੌਕੇ ਹਾਜ਼ਰ ਜਿਆਦਾਤਰ ਮਾਪਿਆਂ ਨੇ ਬੱਚਿਆਂ ਨੂੰ ਸਕੂਲ ਨਾ ਭੇਜਣ ਸਬੰਧੀ ਆਪਣੀ ਆਰਥਿਕ ਮਜਬੂਰੀ ਜਾਂ ਬੱਚੇ ਦੀ ਬੀਮਾਰੀ ਨੂੰ ਕਾਰਨ ਦੱਸਿਆ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਯੋਗ ਹੱਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ, ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ।
ਉਨ੍ਹਾਂ ਰੈਡ ਕਰਾਸ ਸੁਸਾਇਟੀ ਮਾਨਸਾ ਨੂੰ 2 ਲੋੜਵੰਦ ਬੱਚਿਆਂ ਦਾ ਇਲਾਜ਼ ਕਿਸੇ ਚੰਗੇ ਡਾਕਟਰ ਤੋਂ ਕਰਵਾਉਣ ਦੀ ਹਦਾਇਤ ਕੀਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿ) ਅਤੇ ਸੈ.ਸਿ ਨੂੰ ਇੰਨ੍ਹਾਂ ਬੱਚਿਆਂ ਦਾ ਪੂਰਾ ਰਿਕਾਰਡ ਤਿਆਰ ਕਰਨ ਅਤੇ ਇਨ੍ਹਾਂ ਨੂੰ ਪੜਾਉਣ ਲਈ ਮਿਹਨਤੀ ਅਤੇ ਕੰਮ ਪ੍ਰਤੀ ਸਮਰਪਿਤ ਅਧਿਆਪਕਾਂ ਦੀ ਡਿਊਟੀ ਲਗਾਉਣ ਲਈ ਕਿਹਾ। ਉਨ੍ਹਾਂ ਬੱਚਿਆਂ ਨੂੰ ਵਧੀਆ ਬੈਗ ਅਤੇ ਹੋਰ ਲੋੜੀਂਦੀ ਸਟੇਸ਼ਨਰੀ ਵੀ ਮੁਹੱਈਆ ਕਰਵਾਈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਭੁਪਿੰਦਰ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ’ਤੇ ਮਾਨਸਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ 6 ਤੋਂ 19 ਸਾਲ ਦੀ ਉਮਰ ਦੇ ਸਕੂਲੋਂ ਵਿਰਵੇ ਬੱਚਿਆਂ ਦਾ ਸਰਵੇ ਕਰਵਾਇਆ ਗਿਆ। ਇਸ ਸਰਵੇ ਦੌਰਾਨ ਲਗਭਗ 97 ਬੱਚੇ ਟਰੇਸ ਕੀਤੇ ਗਏ ਹਨ। ਇਨ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਆਯੋਜਿਤ ਮੀਟਿੰਗ ਵਿੱਚ ਸਕੂਲੋਂ ਵਿਰਵੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਹੋਏ।
ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ(ਜ), ਸ਼੍ਰੀ ਨਿਰਮਲ ਉਸੇਪਚਨ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਮਲਕਾ ਰਾਣੀ, ਸੈਕਟਰੀ ਰੈਡ ਕਰਾਸ ਸ੍ਰ ਉੱਤਮ ਪਾਲ, ਏ.ਪੀ.ਸੀ (ਜ) ਸ਼੍ਰੀ ਹਰੀਸ਼ ਕੁਮਾਰ, ਲੇਖਾਕਾਰ ਸਮੱਗਰਾ ਅਨੁਰਾਧਾ, ਡਾਟਾ ਐਂਟਰੀ ਓਪਰੇਟਰ ਮਨਦੀਪ ਹਾਜ਼ਰ ਸਨ।