*ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਈ*

0
62

ਮਾਨਸਾ, 22 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਯੋਗਤਾ ਮਿਤੀ 01.01.2024 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਸਬੰਧੀ ਜਾਰੀ ਸ਼ਡਿਊਲ ਅਨੁਸਾਰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਮਿਤੀ 22 ਜਨਵਰੀ, 2024 ਤੱਕ ਜ਼ਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 590215 ਹੈ, ਜਿੰਨ੍ਹਾਂ ਵਿੱਚ 312423 ਪੁਰਸ਼, 277780 ਇਸਤਰੀ ਅਤੇ 12 ਟਰਾਂਸਜੈਂਡਰ ਵੋਟਰ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 645 ਪੋਲਿੰਗ ਸਟੇਸ਼ਨ ਅਤੇ 349 ਪੋਲਿੰਗ ਸਟੇਸ਼ਨ ਇਮਾਰਤਾਂ ਹਨ। 22 ਜਨਵਰੀ 2024 ਤੋਂ ਲਗਾਤਾਰ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਆਮ ਜਨਤਾ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਫਾਰਮ ਨੰਬਰ 6 (ਪਹਿਲੀ ਵਾਰ ਨਵੀਂ ਵੋਟ ਬਣਾਉਣ ਲਈ), ਫਾਰਮ ਨੰਬਰ 7 (ਵੋਟ ਦੀ ਕਟੌਤੀ ਲਈ), ਫਾਰਮ ਨੰਬਰ 8 (ਵੋਟਰ ਸੂਚੀ ਵਿੱਚ ਦਰਜ਼ ਵੇਰਵਿਆਂ ਵਿੱਚ ਦਰੁੱਸਤੀ ਸਬੰਧੀ) ਭਰ ਸਕਦੇ ਹਨ। ਇਹ ਫਾਰਮ ਜ਼ਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਦੇ ਦਫਤਰ, ਸਬੰਧਤ ਬੀ.ਐਲ.ਓ., ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ voters.eci.gov.in ਜਾਂ Voter Helpline App ਰਾਹੀਂ ਅਪਲਾਈ ਕੀਤੇ ਜਾ ਸਕਦੇ ਹਨ।
ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਫੋਟੋ ਵੋਟਰ ਸੂਚੀ ਦੀ ਤਿਆਰੀ/ਸੁਧਾਈ ਸਬੰਧੀ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਮਹੀਨਾ ਨਿਰਧਾਰਤ ਕੀਤਾ ਗਿਆ ਹੈ । ਇਸ ਲਈ ਕੋਈ ਵੀ ਭਾਰਤ ਦਾ ਨਾਗਰਿਕ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਵੀਜ਼ਨ ਦੌਰਾਨ ਇੰਨ੍ਹਾਂ ਨਿਰਧਾਰਤ ਮਿਤੀ ਨੂੰ 18 ਸਾਲ ਜਾਂ ਵੱਧ ਉਮਰ ਪੂਰੀ ਕਰਨ ਵਾਲੇ ਵਿਅਕਤੀ ਨਵੀਂ ਵੋਟ ਬਣਾਉਣ ਲਈ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਅਪਲਾਈ ਕੀਤੇ ਫਾਰਮਾਂ ਦਾ ਨਿਪਟਾਰਾ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰਕਿਰਿਆ ਅਤੇ ਸਮੇਂ ਅਨੁਸਾਰ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਵਿਧਾਨ ਸਭਾ ਚੋਣ ਹਲਕੇ 96- ਮਾਨਸਾ, 97- ਸਰਦੂਲਗੜ੍ਹ ਅਤੇ 98- ਬੁਢਲਾਡਾ (ਅ.ਜ) ਦੇ ਫੋਟੋ ਵੋਟਰ ਸੂਚੀਆਂ ਦਾ ਇੱਕ-ਇੱਕ ਸੈੱਟ, ਬਿਨਾਂ ਫੋਟੋ ਵੋਟਰ ਸੂਚੀਆਂ ਦੀ ਇੱਕ-ਇੱਕ ਸੀ.ਡੀ. ਸੌਂਪੀ।
ਇਸ ਮੌਕੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਚੋਣ ਦਫ਼ਤਰ ਦਾ ਸਟਾਫ ਮੌਜੂਦ ਸੀ।

LEAVE A REPLY

Please enter your comment!
Please enter your name here