![](https://sarayaha.com/wp-content/uploads/2024/08/collage-1-scaled.jpg)
ਮਾਨਸਾ, 18 ਜਨਵਰੀ: (ਸਾਰਾ ਯਹਾਂ/ਮੁੱਖ ਸੰਪਾਦਕ)
ਦਿਵਿਆਂਗ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਲੋੜੀਂਦੇ ਉਪਰਕਣ ਮੁਹੱਈਆ ਕਰਵਾ ਕੇ ਸਮੇਂ ਦੇ ਹਾਣੀ ਬਣਾਉਣ ਲਈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅਲਿਮਕੋ ਅਤੇ ਵੱਖ ਵੱਖ ਐਨ.ਜੀ.ਓਜ਼ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟੀ ਦਿਵਿਆਂਗ ਦਿਵਸ ਮੌਕੇ ਹਾਜ਼ਰ ਹੋਏ ਦਿਵਿਆਂਗ ਵਿਅਕਤੀਆ ਦੀ ਰਜਿਸਟ੍ਰੇਸ਼ਨ ਕਰਕੇ ਮੁਲਾਂਕਣ ਕਰਨ ਉਪਰੰਤ 80 ਫ਼ੀਸਦੀ ਤੋਂ ਵਧੇਰੇ ਦਿਵਿਆਂਗਤਾ ਵਾਲੇ ਵਿਅਕਤੀਆਂ ਨੂੰ ਮੋਟਰਾਇਜ਼ਡ ਟ੍ਰਾਈਸਾਇਕਲ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਹੋਰ ਦਿਵਿਆਂਗ ਵਿਅਕਤੀਆਂ ਨੂੰ ਉਨ੍ਹਾਂ ਦੀ ਸਰੀਰਿਕ ਜ਼ਰੂਰਤ ਮੁਤਾਬਿਕ ਲੋੜੀਂਦੇ ਉਪਰਕਣ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਫਰ ਕਰਨ ਅਤੇ ਕਿਤੇ ਆਉਣ ਜਾਣ ਤੋਂ ਵਾਂਝੇ ਦਿਵਿਆਂਗ ਲੋਕਾਂ ਨੂੰ ਲੋੜੀਂਦੀ ਸਹੂਲਤ ਪ੍ਰਦਾਨ ਹੋਣ ’ਤੇ ਰਾਹਤ ਮਿਲੇਗੀ, ਇਸ ਦੇ ਲਈ ਸਾਨੂ ਸਭ ਨੂੰ ਰਲ ਮਿਲ ਕੇ ਸਾਂਝੇ ਉਪਰਾਲੇ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਵਿਚ ਵੀ ਦਿਵਿਆਂਗ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣਗੇ।
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਅਦਾਰੇ ਅਲਿਮਕੋ ਵੱਲੋਂ ਦਿਵਿਆਂਗ ਲੋਕਾਂ ਪਾਸੋਂ ਪ੍ਰਾਪਤ ਦਰਖ਼ਾਸਤਾਂ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਇਸ ਉਪਰੰਤ ਇਕ ਵਿਸ਼ੇਸ਼ ਕੈਂਪ ਲਗਾ ਕੇ ਦਿਵਿਆਂਗ ਵਿਅਕਤੀਆਂ ਨੂੰ ਲੋੜੀਂਦੀ ਮਸ਼ੀਨਰੀ, ਵਹੀਕਲ ਅਤੇ ਬਨਾਊਟੀ ਅੰਗ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਇਸ ਮੌਕੇ ਆਏ ਦਿਵਿਆਂਗ ਵਿਅਕਤੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਸਵੀਰ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੇ ਦਿਵਿਆਂਗ ਵਿਅਕਤੀ ਲੋੜੀਂਦੇ ਉਪਕਰਣ ਪ੍ਰਾਪਤ ਕਰਨ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਸ ਮੌਕੇ ਨੇਕੀ ਫਾਊਂਡੇਸ਼ਨ ਬੁਢਲਾਡਾ, ਸਲੱਮ ਫਾਊਂਡੇਸ਼ਨ ਮਾਨਸਾ, ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ, ਸੁਖਪਾਲ ਸਿੰਘ ਆਸਰਾ ਫਾਊਂਡੇਸ਼ਨ ਬਰੇਟਾ, ਮਾਸਟਰ ਕੁਲਵੰਤ ਸਿੰਘ ਮਾਤਾ ਗੁਜ਼ਰੀ ਭਲਾਈ ਕੇਂਦਰ ਬੁਢਲਾਡਾ ਅਤੇ ਸਟੇਟ ਅਵਾਰਡੀ ਰਾਜਿੰਦਰ ਵਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਿਵਿਆਂਗ ਵਿਅਕਤੀ ਹਾਜ਼ਰ ਸਨ। ਇਸ ਮੌਕੇ ਵੱਖ ਵੱਖ ਐਨ.ਜੀ.ਓਜ਼ ਵੱਲੋਂ ਆਏ ਨੁਮਾਇੰਦਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)