ਮਾਨਸਾ, 13 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਰਥਿਕ ਤੌਰ ’ਤੇ ਪਿਛੜੇ ਲੋਕਾਂ ਦੀ ਸ਼ਨਾਖਤ ਕਰਵਾ ਕੇ ਸਮੇਂ-ਸਮੇਂ ’ਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਲਈ ਯਤਨਸ਼ੀਲ ਹੈ, ਜਿਨ੍ਹਾਂ ਦੇ ਪਰਿਵਾਰ ’ਚ ਕਮਾਉਣ ਵਾਲਾ ਕੋਈ ਨਹੀਂ ਰਹਿ ਜਾਂਦਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਲੋੜਵੰਦਾਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਸੌਂਪਦਿਆਂ ਕੀਤਾ।
ਇਸ ਮੌਕੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਨੂੰ ਅੱਜ ਵਿੱਤੀ ਸਹਾਇਤਾ ਦੇ ਚੈਕ ਦਿੱਤੇ ਗਏ ਹਨ, ਉਨ੍ਹਾਂ ਵਿੱਚ ਕਰਮਜੀਤ ਕੌਰ ਪਿੰਡ ਕਣਕਵਾਲ ਚਹਿਲਾਂ ਦੇ ਪਤੀ ਨਿਰਮਲ ਸਿੰਘ ਦੀ ਕਿਸਾਨ ਅੰਦੋਲਨ ਵਿੱਚ ਮੌਤ ਹੋ ਜਾਣ ਕਰਕੇ 10000/- ਰੁਪਏ, ਸੁਖਜੀਤ ਕੌਰ ਪਤਨੀ ਗੁਰਮੇਲ ਸਿੰਘ ਪਿੰਡ ਭਾਦੜਾ ਦੇ ਲੜਕੇ ਦੀ ਟੁੱਟੀ ਲੱਤ ਦਾ ਇਲਾਜ ਕਰਾਉਣ ਲਈ 10000/- ਰੁਪਏ ਸ਼ਾਮਿਲ ਹਨ।
ਇਸੇ ਤਰ੍ਹਾਂ ਸੁਖਦੇਵ ਕੌਰ ਪਿੰਡ ਕਾਸਮਪੁਰ ਛੀਨਾ ਦੇ ਪਤੀ ਨਾਇਬ ਸਿੰਘ ਦੀ ਕੈਂਸਰ ਨਾਲ ਮੌਤ ਹੋ ਜਾਣ ਕਰਕੇ 10000/- ਰੁਪਏ ਅਤੇ ਬਲਵੰਤ ਸਿੰਘ ਪੁੱਤਰ ਸਰੂਪ ਸਿੰਘ ਪਿੰਡ ਕਾਹਨਗੜ੍ਹ ਦਾ ਗੁਰਦਾ ਤਬਦੀਲ ਕਰਕੇ 20000/- ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਪ੍ਰਵਾਨ ਕਰਵਾਈ ਗਈ ਹੈ।
ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ਼੍ਰੀ ਗਗਨਦੀਪ ਸਿੰਘ, ਸੁਪਰਡੈਂਟ ਗੁਰਮੀਤ ਸਿੰਘ, ਸਤੀਸ਼ ਕੁਮਾਰ, ਪਰੀਤ ਕੁਮਾਰ ਬਰੇਟਾ, ਗੁਰਦਰਸ਼ਨ ਸਿੰਘ ਪਟਵਾਰੀ ਅਤੇ ਨੰਬਰਦਾਰ ਰਣਜੀਤ ਸਿੰਘ ਛੀਨਾ ਮੌਜੂਦ ਸਨ।