*ਵੂਮੈਨ ਸੈੱਲ ਮਾਨਸਾ ਯਤਨਸ਼ੀਲ, ਨਾ ਟੁੱਟੇ ਕੋਈ ਵੀ ਪਰਿਵਾਰ : ਇੰ: ਰੁਪਿੰਦਰ ਕੌਰ*

0
110

ਮਾਨਸਾ 3 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਵੂਮੈਨ ਸੈੱਲ ਜਿਲ੍ਹਾ ਮਾਨਸਾ ਵੱਲੋਂ ਬੀਤੇ ਸਾਲ ਦੌਰਾਨ ਘਰੇਲੂ ਝਗੜਿਆਂ ਦੇ ਸੈਂਕੜੇ ਮਾਮਲਿਆਂ ਵਿੱਚ ਰਾਜੀਨਾਮਾ ਕਰਵਾ ਕੇ ਉਨ੍ਹਾਂ ਦਾ ਨਿਪਟਾਰਾ ਕੀਤਾ ਹੈ। ਇਸ ਨੂੰ ਲੈ ਕੇ ਸੰਬੰਧਿਤ ਪਰਿਵਾਰ ਵੀ ਖੁਸ਼ ਨਜਰ ਆਏ। ਇਨ੍ਹਾਂ ਝਗੜਿਆਂ ਨੂੰ ਲੈ ਕੇ ਪਹਿਲਾਂ ਪਰਿਵਾਰਾਂ ਵਿੱਚ ਤਨਾਅ ਅਤੇ ਕਲੇਸ਼ ਚੱਲਦਾ ਸੀ। ਜੋ ਹੁਣ ਰਾਜੀ-ਖੁਸ਼ੀ ਵਸਣ ਲੱਗੇ ਹਨ। ਵੂਮੈਨ ਸੈੱਲ ਦੀ ਕੋਸ਼ਿਸ਼ ਹੁੰਦੀ ਹੈ ਕਿ ਪਤੀ-ਪਤਨੀ ਦੇ ਝਗੜਿਆਂ ਨੂੰ ਆਪਸੀ ਰਾਜੀਨਾਮਾ ਅਤੇ ਪਿਆਰ ਨਾਲ ਨਿਪਟਾ ਲਿਆ ਜਾਵੇ। ਜਿਸ ਨਾਲ ਉਨ੍ਹਾਂ ਦਾ ਝਗੜਾ ਖਤਮ ਹੋ ਕੇ ਸਨੇਹ ਵੱਧਦਾ ਹੈ। ਵੂਮੈਨ ਸੈੱਲ ਜਿਲ੍ਹਾ ਮਾਨਸਾ ਦੀ ਇੰਚਾਰਜ ਇੰਸਪੈਕਟਰ ਰੁਪਿੰਦਰ ਕੌਰ ਨੇ ਸੈਂਕੜੇ ਅਜਿਹੇ ਕੇਸਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਕੇਸਾਂ ਵਿੱਚ ਰਾਜੀਨਾਮੇ ਦੀ ਕੋਈ ਸੰਭਾਵਨਾ ਨਹੀਂ ਸੀ। ਉਨ੍ਹਾਂ ਨੂੰ ਵੀ ਪੁਲਿਸ ਨੇ ਝਗੜੇ ਵਾਲੀਆਂ ਦੋਵੇਂ ਧਿਰਾਂ, ਮੋਹਤਬਰ ਵਿਅਕਤੀਆਂ, ਪੰਚਾਂ, ਸਰਪੰਚਾਂ, ਪੰਚਾਇਤਾਂ ਆਦਿ ਨੂੰ ਲੈ ਕੇ ਹੱਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਵਰ੍ਹੇਂ ਵੂਮੈਨ ਸੈੱਲ ਮਾਨਸਾ ਕੋਲ ਪਤੀ-ਪਤਨੀ ਦੇ ਝਗੜੇ ਵਾਲੇ 542 ਕੇਸ ਆਏ, ਜਿਨ੍ਹਾਂ ਵਿੱਚੋਂ 450 ਦਾ ਰਾਜੀਨਾਮਾ ਕਰਵਾ ਦਿੱਤਾ ਗਿਆ ਅਤੇ ਬਾਕੀਆਂ ਦੇ ਵੀ ਰਾਜੀਨਾਮੇ ਦੇ ਨੇੜੇ-ਤੇੜੇ ਅਤੇ ਮੋਹਤਬਰ ਵਿਅਕਤੀਆਂ, ਪਰਿਵਾਰਾਂ ਦੀਆਂ ਵੂਮੈਨ ਸੈੱਲ ਨਾਲ ਕੋਂਸਲਿੰਗਾਂ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਝਗੜਿਆਂ ਵਿੱਚ ਵੱਡੇ ਵਿਵਾਦ ਨਹੀਂ ਹੁੰਦੇ। ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਹੀ ਝਗੜੇ ਵੱਡੇ ਅਤੇ ਗੰਭੀਰ ਹੋ ਜਾਂਦੇ ਹਨ। ਕਈ ਕੇਸਾਂ ਵਿੱਚ ਨੋਬਤ ਤਲਾਕ ਤੱਕ ਆ ਜਾਂਦੀ ਹੈ। ਪਰ ਪੁਲਿਸ ਦੀ ਕੋਂਸਲਿੰਗ ਅਜਿਹੇ ਪਰਿਵਾਰਾਂ ਨੂੰ ਮੁੜ ਵਸੇਵੇਂ ਵੱਲ ਪ੍ਰੇਰਦੀ ਹੈ। ਜਿਸ ਸਦਕਾ ਉਕਤ ਕੇਸ ਰਾਜੀ-ਖੁਸ਼ੀ ਨਾਲ ਹੋ ਗਏ। ਉਨ੍ਹਾਂ ਕਿਹਾ ਕਿ ਪਰਿਵਾਰਾਂ ਵਿੱਚ ਵਧ ਰਿਹਾ ਤਨਾਅ ਅਤੇ ਛੋਟੀਆਂ-ਮੋਟੀਆਂ ਗੱਲਾਂ ਨੂੰ ਅਣਦੇਖਾ ਕਰਨ ਦੀ ਲੋੜ ਹੈ। ਜਿਸ ਨਾਲ ਪਰਿਵਾਰ ਟੁੱਟਣ ਤੋਂ ਬੱਚਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸਹਿਣਸ਼ੀਲਤਾ, ਪਿਆਰ, ਮੁਹੱਬਤ ਬਣਾ ਕੇ ਰੱਖਣ ਦੀ ਲੋੜ ਹੈ। ਅੱਜ ਤੇਜ ਰਫਤਾਰ ਦੇ ਯੁੱਗ ਵਿੱਚ ਅਸੀਂ ਸਹਿਣਸ਼ੀਲਤਾ ਗਵਾਉਂਦੇ ਜਾ ਰਹੇ ਹਾਂ, ਜਿਸ ਨਾਲ ਪਰਿਵਾਰ ਅਲੱਗ-ਅਲੱਗ ਪੈ ਰਹੇ ਹਨ। ਸੰਯੁਕਤ ਪਰਿਵਾਰ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਨਵੇਂ ਮੁੰਡੇ-ਕੁੜੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਡੇ ਅੰਦਰ ਠਰੱ੍ਹਮਾ ਹੋਣਾ ਚਾਹੀਦਾ ਹੈ ਅਤੇ ਗੱਲ-ਗੱਲ ਤੇ ਗੁੱਸਾ ਨਹੀਂ ਉਪਜਨਾ ਚਾਹੀਦਾ। ਉਨ੍ਹਾਂ ਕਿਹਾ ਕਿ ਵੂਮੈਨ ਸੈੱਲ ਮਾਨਸਾ ਪਰਿਵਾਰਾਂ ਦੀ ਸੁਰੱਖਿਆ, ਘਰੇਲੂ ਮਾਮਲੇ ਨਿਪਟਾਉਣ, ਪਿਆਰ, ਮੁਹੱਬਤ ਪੈਦਾ ਕਰ ਲਈ ਯਤਨਸ਼ੀਲ ਹੈ। ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਘਰ ਨਾ ਟੁੱਟੇ। ਆਪਸ ਵਿੱਚ ਜੁੜ ਕੇ ਜਿੰਦਗੀ ਦਾ ਵਧੀਆ ਨਿਰਬਾਹ ਕਰੇ। ਉਨ੍ਹਾਂ ਇਹ ਵੀ ਦੱਸਿਆ ਕਿ ਥਾਣਿਆਂ ਵਿੱਚ ਤੈਨਾਤ ਮਹਿਲਾ ਮਿੱਤਰਾਂ ਵੱਲੋਂ ਸਕੂਲਾ ,ਕਾਲਜਾਂ ਅਤੇ ਆਈਲੈਟਸ ਸੈਂਟਰਾਂ ਵਿੱਚ ਜਾਕੇ ਅੋਰਤਾਂ ਅਤੇ ਬੱਚਿਆਂ ਵਿਰੁੱਧ ਹੋਣ ਵਾਲੇ ਅਪਰਾਧਾਂ ਸੰਬੰਧੀ ਸੈਮੀਨਾਰ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here