ਮਾਨਸਾ, 08 ਦਸੰਬਰ (ਸਾਰਾ ਯਹਾਂ/ਜੋਨੀ ਜਿੰਦਲ): ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਅਹਿਮ ਉਪਰਾਲਿਆਂ ਸਦਕਾ ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਸ਼ੁਰੂ ਹੋਏ ਤਿੰਨ ਰੋਜ਼ਾ ਟਿੱਬਿਆਂ ਦੇ ਮੇਲੇ ’ਚ ਮੁਫ਼ਤ ਐਂਟਰੀ ਦਾ ਲਾਹਾ ਲੈ ਕੇ ਜ਼ਿਲ੍ਹਾ ਵਾਸੀ ਪਰਿਵਾਰਾਂ ਸਮੇਤ ਮੇਲੇ ਦਾ ਆਨੰਦ ਮਾਣ ਸਕਦੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਸ਼ਬਦ ਗਾਇਣ ਨਾਲ 10 ਦਸੰਬਰ ਤੱਕ ਚੱਲਣ ਵਾਲੇ ਟਿੱਬਿਆਂ ਦੇ ਮੇਲੇ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਮੇਲਾ ਅਫ਼ਸਰ ਸ੍ਰੀ ਅਮਿਤ ਬੈਂਬੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ 11 ਰਾਜਾਂ ਤੋਂ ਆਏ ਦਸਤਕਾਰਾਂ ਦੀਆਂ ਸਟਾਲਾਂ ਦਾ ਦੌਰਾ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਟਿੱਬਿਆਂ ਦਾ ਮੇਲਾ ਦੇਸ਼ ਦੀ ਵਿਰਾਸਤ ਅਤੇ ਕਲਾ ਨੂੰ ਉਜਾਗਰ ਕਰ ਰਿਹਾ ਹੈ, ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੇਲੇ ਵਿਚ ਸ਼ਿਰਕਤ ਕਰਕੇ ਇਨ੍ਹਾਂ ਮਿਹਨਤਕਸ਼ ਦਸਤਕਾਰ, ਸ਼ਿਲਪਕਾਰ ਅਤੇ ਕਲਾਕਾਰਾਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਦੇ ਕਲਾਕਾਰ ਅਤੇ ਕਾਰੀਗਰ ਇਸ ਮੇਲੇ ਵਿਚ ਪਹੁੰਚ ਰਹੇ ਹਨ, ਜਿੱਥੇ ਕਾਰੀਗਰਾਂ ਵੱਲੋਂ ਆਪਣੇ ਹੱਥਾਂ ਨਾਲ ਬਣਾਈਆਂ ਵਸਤੂਆਂ ਦੀ ਵਿਕਰੀ ਕੀਤੀ ਜਾ ਰਹੀ ਹੈ, ਉਥੇ ਸੱਭਿਆਚਾਰਕ ਤੇ ਸੰਗੀਤਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਬੱਚਿਆਂ ਸਮੇਤ ਇਸ ਮੇਲੇ ਵਿਚ ਸ਼ਿਰਕਤ ਕਰਨੀ ਚਾਹੀਦੀ ਹੈ, ਕਿਉਂਕਿ ਇਥੇ ਆ ਕੇ ਸਾਡੇ ਦੇਸ਼ ਦੀ ਸੰਸਕ੍ਰਿਤੀ ਅਤੇ ਸੱਭਿਆਚਾਰ ਨੂੰ ਨੇੜੇ ਤੋਂ ਦੇਖਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀ ਵੱਖ-ਵੱਖ ਰਾਜਾਂ ਦੀ ਬੋਲੀ, ਸੰਸਕ੍ਰਿਤੀ, ਖਾਣ-ਪਾਨ ਤੇ ਕਲਾਕ੍ਰਿਤੀਆਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਵੈ-ਸਹਾਇਤਾ ਗਰੁੱਪਾਂ ਵਲੋਂ ਵੀ ਵਿਸ਼ੇਸ਼ ਤੌਰ ’ਤੇ ਸਟਾਲ ਲਗਾ ਕੇ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਆਪਣੇ ਪੈਰ੍ਹਾਂ ’ਤੇ ਖੜ੍ਹੇ ਹੋਣ ਦਾ ਇਹ ਇਕ ਵਧੀਆ ਪਲੇਟਫਾਰਮ ਹੈ। ਇਸ ਤੋਂ ਇਲਾਵਾ ਘੋੜਸਵਾਰੀ, ਉੱਠ ਸਵਾਰੀ, ਬਹਿਰੂਪੀਏ, ਕਲਾਕਾਰ ਅਤੇ ਸੈਲਫੀ ਪੁਆਇੰਟ ਮੇੇਲੇ ’ਚ ਖਿੱਚ ਦਾ ਕੇਂਦਰ ਰਹਿਣਗੇ।
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਮੇਲੇ ’ਚ ਆਉਣ ਵਾਲੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਟਿੱਬਿਆਂ ਦਾ ਮੇਲਾ 10 ਦਸੰਬਰ ਤੱਕ ਚੱਲੇਗਾ ਅਤੇ ਲੋਕ ਰੋਜ਼ਾਨਾ ਸਵੇਰੇ 11 ਵਜੇ ਤੋਂ ਰਾਤ 09 ਵਜੇ ਤੱਕ ਮੇਲੇ ਵਿਚ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ 10 ਦਸੰਬਰ ਨੂੰ ਸ਼ਾਮ 4 ਵਜੇ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਗਰੇਵਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਮੇਲੇ ਵਿਚ ਆਏ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੋਰਨਾ ਲੋਕਾਂ ਨੂੰ ਵੀ ਇਥੇ ਆਉਣ ਲਈ ਪ੍ਰੇਰਿਤ ਕਰਨ ਤਾਂ ਜੋ ਦੂਰ-ਦੁਰਾਡੇ ਤੋਂ ਆਏ ਕਾਰੀਗਰਾਂ ਦਾ ਹੌਂਸਲਾ ਵਧਾਇਆ ਜਾ ਸਕੇ।