ਮਾਨਸਾ, 30 ਨਵੰਬਰ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿਛਲੇ ਕਈ ਦਿਨਾਂ ਤੋਂ ਗੰਭੀਰ ਬਣੀ ਸ਼ਹਿਰ ਮਾਨਸਾ ਦੀ ਸੀਵਰੇਜ਼ ਸਿਸਟਮ ਠੱਪ ਹੋਣ ਦਾ ਮੁੱਦਾ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਵਿਧਾਨ ਸਭਾ ਵਿੱਚ ਚੁੱਕਿਆ ਹੈ। ਇਸਦੇ ਉਨ੍ਹਾਂ ਨੇ ਮਾਨਸਾ ਸ਼ਹਿਰ ਦੀਆਂ ਸੜਕਾਂ ਦੇ ਨਵ-ਨਿਰਮਾਣ ਦੀ ਵੀ ਸਰਕਾਰ ਕੋਲ ਮੰਗ ਰੱਖੀ ਹੈ। ਵਿਧਾਇਕ ਨੇ ਮਾਨਸਾ ਜ਼ਿਲ੍ਹੇ ਦਾ ਸੀਵਰੇਜ਼ ਸਿਸਟਮ ਬੁਰੀ ਤਰ੍ਹਾਂ ਫੇਲ੍ਹ ਹੋਣ ਅਤੇ ਸੜਕਾਂ ਦੀ ਖਸ਼ਤਾ ਹਾਲਤ ਹੋਣ ਨੂੰ ਲੈਕੇ ਸਥਾਨਕ ਸਰਕਾਰਾਂ ਮੰਤਰੀ ਕੋਲ ਮੁੱਦਾ ਚੁੱਕਿਆ ਹੈ ਕਿ ਮਾਨਸਾ ਸ਼ਹਿਰ ਵੱਲ ਇਸ ਵੇਲੇ ਖਾਸ ਧਿਆਨ ਦੇਣ ਦੀ ਲੋੜ ਹੈ। ਬੁਰੀ ਤਰ੍ਹਾਂ ਫੇਲ੍ਹ ਹੋਕੇ ਲੋਕਾਂ ਦੇ ਨੱਕ ਵਿੱਚ ਦਮ ਕਰਨ ਵਾਲੀ ਸੀਵਰੇਜ਼ ਸਮੱਸਿਆ ਨੂੰ ਛੇਤੀ ਹੱਲ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ ਅਤੇ ਲੋਕ ਇਸ ਨੂੰ ਲੈਕੇ ਧਰਨੇ-ਪ੍ਰਦਰਸ਼ਨ ਵੀ ਕਰ ਸਕਦੇ ਹਨ।ਜ਼ਿਕਰਯੋਗ ਹੈ ਕਿ ਦੀਵਾਲੀ ਦੇ ਤਿਉਹਾਰ ਤੋਂ ਲੈਕੇ ਕੁੱਝ ਵਾਰਡਾਂ ਵਿੱਚ ਸੀਵਰੇਜ਼ ਬੰਦ ਹੋਣ ਕਾਰਨ ਪਾਣੀ ਓਵਰ ਫਲੋਅ ਹੋਕੇ ਸਮੱਸਿਆ ਬਣੀ ਗੰਦੇ ਪਾਣੀ ਦੇ ਖੜ੍ਹੇ ਹੋਣ ਦੀ ਮੁਸ਼ਕਲ ਨੇ ਕਰੀਬ ਸਾਰੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸ਼ਹਿਰ ਦਾ ਹਰ ਵਾਰਡ ਇਸਦੀ ਮਾਰ ਹੇਠ ਹੈ। ਲੋਕਾਂ ਨੇ ਕਈ ਥਾਵਾਂ ’ਤੇ ਇਸ ਤਕਲੀਫ਼ ਨੂੰ ਲੈਕੇ ਪ੍ਰਸ਼ਾਸਨ ਵਿਰੋਧੀ ਪ੍ਰਦਰਸ਼ਨ ਵੀ ਕੀਤੇ। ਇਨੀਂ ਦਿਨੀਂ ਇਹ ਸਮੱਸਿਆ ਐਨੀ ਗੰਭੀਰ ਬਣੀ ਹੋਈ ਹੈ ਕਿ ਸੜਕਾਂ-ਗਲੀਆਂ ਅਤੇ ਨਾਲੀਆਂ ’ਚ ਭਰਿਆ ਸੀਵਰੇਜ਼ ਦਾ ਪਾਣੀ ਕਿਸੇ ਵੇਲੇ ਵੀ ਬਿਮਾਰੀਆਂ ਫੈਲਣ ਦਾ ਕਾਰਨ ਬਣ ਸਕਦਾ ਹੈ। ਬੀਤੇ ਦਿਨੀਂ ਸ਼ਹਿਰ ਦੇ ਬੱਸ ਅੱਡਾ ਚੌਂਕ ਵਿੱਚ ਕੁੱਝ ਕੌਸਲਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਸੀਵਰੇਜ਼ ਬੰਦ ਹੋਣ ਦੀ ਸਮੱਸਿਆ ਨੂੰ ਲੈਕੇ ਦਿੱਤੇ ਗਏ ਧਰਨੇ ਵਿੱਚ ਨਗਰ ਕੌਸਲਰ ਦੇ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਵਿਜੈ ਸਿੰਗਲਾ ਵੀ ਬੈਠੇ, ਜਿੰਨਾਂ ਇਸ ਤਕਲੀਫ਼ ਲਈ ਸੀਵਰੇਜ਼ ਬੋਰਡ ਅਤੇ ਥਰਮਲ ਪਲਾਂਟ ਨੂੰ ਜਿੰਮੇਵਾਰ ਦੱਸਿਆ ਅਤੇ ਕਿਹਾ ਕਿ ਪਲਾਂਟ ਵੱਲੋਂ ਕੀਤੇ ਗਏ ਇਕਰਾਰ ਮੁਤਾਬਕ ਸੀਵਰੇਜ਼ ਦਾ ਪਾਣੀ ਨਹੀਂ ਲਿਆ ਜਾ ਰਿਹਾ, ਜਿਸ ਕਰਕੇ ਸੀਵਰੇਜ਼ ਓਵਰ ਫਲੋਅ ਹੋਕੇ ਇਹ ਗੰਦਾ ਪਾਣੀ ਸੜਕਾਂ-ਗਲੀਆਂ ’ਚ ਆ ਗਿਆ ਹੈ। ਮਾਨਸਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਵਿਧਾਨ ਸਭਾ ਵਿੱਚ ਬੋਲਦਿਆਂ ਕਿਹਾ ਕਿ ਮਾਨਸਾ ਸ਼ਹਿਰ ਦੀ ਸੀਵਰੇਜ਼ ਪ੍ਰਣਾਲੀ ਠੱਪ ਹੋਣ ਕਰਕੇ ਲੋਕਾਂ ਦੇ ਨੱਕ ਵਿੱਚ ਦਮ ਆਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਦਾ ਪਾਣੀ ਲੈਣ ਵਾਲੇ ਪਲਾਂਟ ਦੀ ਸਮਰੱਥਾ ਵੀ ਘੱਟ ਹੈ, ਜਿਸ ਕਰਕੇ ਪੂਰਨ ਰੂਪ ਵਿੱਚ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਉਨ੍ਹਾਂ ਸਥਾਨਕ ਸਰਕਾਰਾਂ ਮੰਤਰੀ ਅੱਗੇ ਅਪੀਲ ਕੀਤੀ ਕਿ ਮਾਨਸਾ ਸ਼ਹਿਰ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ, ਜਿੰਨੀ ਛੇਤੀ ਹੋ ਸਕੇ ਇਸ ਸਮੱਸਿਆ ਨੂੰ ਦੂਰ ਕਰਕੇ ਲੋਕਾਂ ਨੂੰ ਸੀਵਰੇਜ਼ ਦੇ ਗੰਦੇ ਪਾਣੀ ਤੋਂ ਨਿਜ਼ਾਤ ਦਿਵਾਈ ਜਾਵੇ। ਉਨ੍ਹਾਂ ਇਸਦੇ ਨਾਲ ਮਾਨਸਾ ਸ਼ਹਿਰ ਦੀਆਂ ਟੁੱਟੀਆਂ-ਫੁੱਟੀਆਂ ਸੜਕਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਅਤੇ ਸੜਕਾਂ ਦੇ ਨਵ-ਨਿਰਮਾਣ ਲਈ ਉਹ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਹੀ ਇਹ ਸਮੱਸਿਆ ਦੂਰ ਹੋ ਜਾਵੇਗੀ।