*ਡਿਪਟੀ ਕਮਿਸ਼ਨਰ ਨੇ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਵਾਲੇ ਸਫਲ ਕਿਸਾਨ ਦੇ ਖੇਤ ’ਚ ਖੁਦ ਟਰੈਕਟਰ ਚਲਾ ਕੇ ਟਰਾਇਲ ਲੈਂਦਿਆਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ*

0
26

ਮਾਨਸਾ, 07 ਨਵੰਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਝੋਨੇ ਦੀ ਪਰਾਲੀ ਨੂੰ ਬਿਨ੍ਹਾ ਅੱਗ ਲਗਾਏ ਕਣਕ ਦੀ ਬਿਜਾਈ ਨਾਲ ਜਿੱਥੇ ਕੁਦਰਤ ਦੇ ਵੱਡਮੁੱਲੇ ਸਰੋਤ ਪਾਣੀ ਦੀ ਬੱਚਤ ਹੋਵੇਗੀ, ਉੱਥੇ ਕਿਸਾਨਾਂ ’ਤੇ ਆਰਥਿਕ ਬੋਝ ਵੀ ਘੱਟ ਪਵੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਪਿੰਡ ਫਫੜੇ ਭਾਈ ਕੇ ਵਿਖੇ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਵਾਲੇ ਸਫਲ ਕਿਸਾਨ ਦੇ ਖੇਤ ’ਚ ਖ਼ੁਦ ਟਰੈਕਟਰ ਚਲਾ ਕੇ ਟਰਾਇਲ ਲੈਣ ਮੌਕੇ ਕੀਤਾ ਅਤੇ ਕਿਸਾਨਾਂ ਨੂੰ ਇਸ ਆਧੁਨਿਕ ਤਕਨੀਕ ਨਾਲ ਜੁੜਨ ਦਾ ਸੱਦਾ ਦਿੱਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ ਮੌਜੂਦ 8 ਕਿਸਾਨਾਂ ਵੱਲੋਂ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ ਸੁਪਰ ਸੀਡਰ, ਬੇਲਰ ਆਦਿ ਮਸ਼ੀਨਰੀ ਦੀ ਵਰਤੋਂ ਕਰਦਿਆਂ ਖੇਤ ਵਿਚ ਅੱਗ ਲਾਉਣ ਤੋਂ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਾਂਹਵਧੂ ਕਿਸਾਨਾਂ ਦੇ ਦੱਸਣ ਮੁਤਾਬਿਕ ਪਰਾਲੀ ਨੂੰ ਖੇਤ ਵਿਚ ਮਿਲਾਉਣ ਨਾਲ ਜਿੱਥੇ ਮਨੁੱਖੀ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ ਉੱਥੇ ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ ਅਤੇ ਮਿੱਟੀ ਦੀ ਗੁਣਵੱਤਾ ਵੀ ਵਧਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ ਜਦੋਂ ਅਗਲੇ ਸਾਲ ਝੋਨੇ ਦੀ ਬਿਜਾਈ ਹੋਵੇਗੀ ਤਾਂ ਉਸ ਦਾ ਝਾੜ ਵੀ ਵਧੀਆ ਨਿਕਲੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਬੜੀ ਸੁਖਾਲੀ ਹੈ, ਇਸ ਤਕਨੀਕ ਨੂੰ ਅਪਨਾਉਣਾ ਬਹੁਤ ਆਸਾਨ ਹੈ, ਬਸ ਲੋੜ ਹੈ ਪਹਿਲਕਦਮੀ ਕਰਨ ਦੀ।
ਉਨ੍ਹਾਂ ਕਿਹਾ ਕਿ ਇਹ ਸਾਰੇ ਕਿਸਾਨ ਦੂਜੇ ਕਿਸਾਨਾਂ ਲਈ ਮਿਸਾਲ ਹਨ। ਇੰਨ੍ਹਾਂ ਕਿਸਾਨਾਂ ਨੇ ਵਾਤਾਵਰਣ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਰਹੇਗੀ ਕਿ ਜਿੰਨ੍ਹਾਂ ਪਿੰਡਾਂ ਵਿਚ ਪਰਾਲੀ ਨੂੰ ਘੱਟ ਤੋਂ ਘੱਟ ਅੱਗ ਲਗਾਈ ਜਾਵੇਗੀ ਉਨ੍ਹਾਂ ਪਿੰਡਾਂ ਦੇ ਵਿਕਾਸ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾਣ ਅਤੇ ਪ੍ਰਗਤੀਸ਼ੀਲ ਕਿਸਾਨਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਵਿੱਢੀ ਮੁਹਿੰਮ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਪਿੰਡ ਅਤਲਾ ਕਲਾਂ, ਕੋਟੜਾ, ਭੁਪਾਲ ਆਦਿ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ।
ਇਸ ਤੋਂ ਪਹਿਲਾਂ ਅਗਾਂਹਵਧੂ ਕਿਸਾਨ ਹਰਦੀਪ ਸਿੰਘ, ਗੁਰਤੇਜ ਸਿੰਘ, ਕੁਲਦੀਪ ਸਿੰਘ, ਬਸੰਤ ਰਾਜ, ਦਰਸ਼ਨ ਸਿੰਘ, ਨਵਨੀਤ ਸ਼ਰਮਾ, ਹਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਤੋਂ ਇਲਾਵਾ ਹੋਰਨਾਂ ਪਿੰਡ ਵਾਸੀਆਂ ਨੇ ਭਵਿੱਖ ਵਿਚ ਵੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦਾ ਜਿੱਥੇ ਭਰੋਸਾ ਦਿੱਤਾ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਪਿੰਡ ਪਹੁੰਚ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ, ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ, ਡੀ.ਪੀ.ਡੀ. ਆਤਮਾ ਚਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਅਮਨਦੀਪ ਸਿੰਘ ਤੋਂ ਇਲਾਵਾ ਕਲਸਟਰ ਅਫ਼ਸਰ ਅਤੇ ਨੋਡਲ ਅਫ਼ਸਰ ਹਾਜ਼ਰ ਸਨ।

LEAVE A REPLY

Please enter your comment!
Please enter your name here