ਮਾਨਸਾ 17 ਸਤੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਮਾਨਸਾ ਜਿਲ੍ਹੇ ਦੇ ਹੈੱਡ ਕੁਆਰਟਰ ਵਿਖੇ ਨਸ਼ਾ ਬੰਦ ਕਰਾਉਣ ਨੂੰ ਲੈ ਕੇ ਚੱਲ ਰਿਹਾ ਪੱਕਾ ਮੋਰਚਾ ਅੱਜ 67ਵੇ ਦਿਨ ਵਿੱਚ ਦਾਖਲ ਹੋ ਚੁੱਕਾ ਹੈ । ਭਾਂਵੇ ਕਿ ਲੋਕ ਲਹਿਰ ਬਣਨ ਨਾਲ ਪਿੰਡਾਂ ਵਿੱਚ ਲੋਕ ਆਪਣੇ ਤੌਰ ‘ਤੇ ਨਸ਼ਾ ਰੋਕਣ ਦਾ ਉੱਦਮ ਕਰ ਰਹੇ ਹਨ ਅਤੇ ਪਹਿਰੇ ਦੇ ਰਹੇ ਹਨ ਪਰ ਹਾਲੇ ਤੱਕ ਵੀ ਸਿੰਥੈਟਿਕ ਡਰੱਗ ਜਿਵੇਂ ਕਿ ਚਿੱਟਾ, ਸਮੈਕ, ਹੈਰੋਇਨ ਆਦਿ ਵਰਗੇ ਭਿਆਨਕ ਨਸ਼ਿਆ ਦੀ ਵਿਕਰੀ ਵਿੱਚ ਕੋਈ ਕਮੀਂ ਨਹੀਂ ਆਈ । ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਧਨੇਰ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਪੁਲਿਸ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਨਸ਼ੇ ਰੋਕਣ ਦਾ ਭਰੋਸਾ ਦੇ ਰਹੀ ਹੈ ਪਰ ਦੂਜੇ ਪਾਸੇ ਬੀਐਸਐਫ ਵੱਲੋਂ ਆਪਣੇ ਖੇਤਰ ਵਿੱਚ ਗੱਡੀ ਦੇ ਅਗਲੇ ਪਾਸੇ ਛੁਪਾ ਕੇ ਲੈ ਜਾਂਦੇ ਫੜੇ ਦੋ ਪੁਲਿਸ ਅਧਿਕਾਰੀਆਂ ਤੋਂ ਕਰੀਬ ਦੋ ਕਿਲੋਗ੍ਰਾਮ ਹੈਰੋਇਨ ਬਰਾਮਦਗੀ ਨੂੰ ਪੰਜਾਬ ਪੁਲਿਸ ਵੱਲੋਂ ਰਿਕਵਰੀ ਦੱਸ ਕੇ ਕੀਤੀ ਰੇਡ ਨੂੰ ਨਾਜਾਇਜ਼ ਠਹਿਰਾਇਆ ਜਾ ਰਿਹਾ ਹੈ ਜਦੋਂਕਿ ਰਿਕਵਰੀ ਦੇ ਪੂਰੇ ਕਾਗਜ਼ਾਤ ਹਾਲੇ ਤੱਕ ਜਨਤਕ ਨਹੀ ਕੀਤੇ ਗਏ । ਨੌਜਵਾਨ ਬੁਲਾਰੇ ਰਾਵਲ ਸਿੰਘ ਕੋਟੜਾ ਨੇ ਕਿਹਾ ਕਿ ਆਏ ਦਿਨ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਜਾ ਰਹੇ ਹਨ, ਜਿਸਦੀ ਇੱਕ ਤਾਜੀ ਉਦਾਹਰਨ ਬੀਤੇ ਦਿਨੀਂ ਭਗਵੰਤ ਸਿੰਘ ਮਾਨ ਵੱਲੋਂ ਸਿਰਜੇ ਸਕੂਲ ਆਫ ਐਮੀਨੈਂਸ ਦੇ ਡਰਾਮੇ ਵਿੱਚ ਸੋਸ਼ਲ ਮੀਡੀਆ ‘ਤੇ ਜਨਤਕ ਹੋ ਚੁੱਕੀ, ਚਿੱਟਾ ਪੀ ਰਹੇ ਨੌਜਵਾਨ ਦੀ ਵੀਡੀਓ ਹੈ । ਉਨ੍ਹਾਂ ਸਰਕਾਰ ‘ਤੇ ਤੰਜ਼ ਕਸਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਤਿੰਨ ਮਹੀਨਿਆਂ ਵਿੱਚ ਨਸ਼ਾ ਮੁਕਤ ਪੰਜਾਬ ਕਰਨ ਦੇ ਦਮਗਜੇ ਮਾਰ ਰਹੀ ਸੀ ਪਰ ਹੁਣ ਨਸ਼ਿਆਂ ਦੇ ਵੱਡੇ ਤਸਕਰਾਂ ਨੂੰ ਹੱਥ ਪਾਉਣ ਤੋਂ ਅਜੇ ਕੰਨੀ ਕਤਰਾ ਰਹੀ ਹੈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਸ਼ਾ ਵਿਰੋਧੀ ਲਹਿਰ ਨੂੰ ਪੰਜਾਬ ਭਰ ਵਿੱਚ ਲੈ ਕੇ ਜਾਇਆ ਜਾਵੇਗਾ ਅਤੇ ਸਰਕਾਰ ਦੀ ਵਾਅਦਾ ਖਿਲਾਫ਼ੀ ਨੂੰ ਕਦਾਚਿੱਤ ਵੀ ਬਰਦਾਸਤ ਨਹੀ ਕੀਤਾ ਜਾਵੇਗਾ । ਵੱਖ ਵੱਖ ਬੁਲਾਰਿਆਂ ਵੱਲੋਂ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਮੰਗ ਕੀਤੀ ਕਿ ਸਰਕਾਰ ਸੱਚੇ ਦਿਲੋਂ ਨਸ਼ੇ ਬੰਦ ਕਰਨ ਲਈ ਕਦਮ ਪੁੱਟੇ । ਇਸ ਸਮੇਂ ਕਾਮਰੇਡ ਰਾਜਵਿੰਦਰ ਰਾਣਾ, ਮਹਿੰਦਰ ਸਿੰਘ ਰਾਠੀ, ਬਚਿੱਤਰ ਸਿੰਘ ਮੂਸਾ, ਸੁਖਦੇਵ ਸਿੰਘ ਮੂਸਾ, ਮਜ਼ਦੂਰ ਮੁਕਤੀ ਮੋਰਚੇ ਦੇ ਬਲਵਿੰਦਰ ਸਿੰਘ ਘਰਾਗਣਾ, ਗਗਨਦੀਪ ਸਿੰਘ ਖੜਕ ਸਿੰਘ ਵਾਲਾ, ਸਤਪਾਲ ਸ਼ਰਮਾ ਭੁਪਾਲ, ਗੁਰਦੇਵ ਦਲੇਲ, ਗੀਤਕਾਰ ਮੇਲਾ ਫਫੜੇ, ਜਗਦੇਵ ਸਿੰਘ ਭੁਪਾਲ, ਚਿੜੀਆ ਗੁਰਨੇ ਵਾਲਾ ਆਦਿ ਨੇ ਸੰਬੋਧਨ ਕੀਤਾ । ਇਸ ਮੌਕੇ ਸਟੇਜ ਦੀ ਕਾਰਵਾਈ ਜਸਵੰਤ ਸਿੰਘ ਜਵਾਰਕੇ ਵੱਲੋਂ ਨਿਭਾਈ ਗਈ ।