ਮਾਨਸਾ 14 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):
ਅੱਜ ਮਾਨਸਾ ਬਲਾਕ ਦੇ ਪਿੰਡ ਕਰਮਗੜ੍ਹ ਔਤਾਵਾਲੀ ਦੇ ਕਿਸਾਨ ਮੇਜਰ ਸਿੰਘ ਪੁੱਤਰ ਨਿਰੰਜਨ ਸਿੰਘ ਦੀ ਸਾਰੀ ਜ਼ਮੀਨ ਦੀ ਕੁਰਕੀ ਮਾਨਸਾ ਦੇ ਇੱਕ ਸੂਦਖੋਰ ਆੜਤੀਏ ਕ੍ਰਿਸ਼ਨ ਕੁਮਾਰ ਵੱਲੋਂ 168000 ਬਦਲੇ ਲਿਆਂਦੀ ਗਈ ਸੀ । ਜਦੋਂ ਇਸ ਕੁਰਕੀ ਦਾ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਧਨੇਰ ਦੇ ਵਰਕਰਾਂ ਨੂੰ ਲੱਗਿਆ ਤਾਂ ਉਹ ਬਲਾਕ ਸਕੱਤਰ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਮਾਨਸਾ ਕਚਹਿਰੀਆਂ ਅਤੇ ਪਿੰਡ ਕਰਮਗੜ੍ਹ ਔਤਾਵਾਲੀ ਵਿੱਚ ਬਲਾਕ ਸ. ਮੀਤ ਪ੍ਰਧਾਨ ਬਚਿੱਤਰ ਸਿੰਘ ਮੂਸਾ ਦੀ ਅਗਵਾਈ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ । ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਕੋਈ ਵੀ ਖਰੀਦਦਾਰ ਕੁਰਕੀ ਕਰਨ ਨਹੀਂ ਆਇਆ । ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਰਜ਼ੇ, ਕੁਰਕੀਆਂ ਬੰਦ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਪਰ ਹੁਣ ਜਾਣ ਬੁੱਝ ਕੇ ਕਿਰਤੀ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਥੇਬੰਦੀ ਮਿਹਨਤਕਸ਼ ਲੋਕਾਂ ਨਾਲ ਖੜ੍ਹੀ ਹੈ ਅਤੇ ਕਰਜ਼ੇ ਬਦਲੇ ਕਿਸੇ ਵੀ ਕਿਸਾਨ-ਮਜ਼ਦੂਰ ਦੀ ਕੁਰਕੀ ਨਹੀ ਹੋਣ ਦਿੱਤੀ ਜਾਵੇਗੀ । ਇਸ ਸਮੇਂ ਬਲਵਿੰਦਰ ਸ਼ਰਮਾ, ਬਲਕਾਰ ਸਿੰਘ ਚਹਿਲਾਂਵਾਲੀ, ਸਤਪਾਲ ਵਰ੍ਹੇ, ਪੱਪੀ ਮੰਦਰਾਂ, ਮੱਖਣ ਸਿੰਘ ਉੱਡਤ, ਗੁਰਕਰਤਾਰ ਸਿੰਘ ਬੋੜਾਵਾਲ, ਪਾਲਾ ਸਿੰਘ ਕੁਲਰੀਆ ਆਦਿ ਨੇ ਵੀ ਸੰਬੋਧਨ ਕੀਤਾ ।